ਡਿਪਟੀ ਕਮਿਸ਼ਨਰ ਖੇਤਾਂ ਵਿੱਚ ਖੁਦ ਮਿਲਣ ਪਹੁੰਚੇ, ਨੌਜਵਾਨਾਂ ਦੇ ਜਜ਼ਬੇ ਨੂੰ ਸਰਾਹਿਆ
ਜਿਸ ਖੇਤ ਵਿੱਚ ਅੱਗ ਨਹੀਂ ਲੱਗਦੀ ਉਸ ਖੇਤ ਵਿੱਚ ਚੌਥੇ ਦਿਨ ਲਗਾਏ ਜਾ ਸਕਦੇ ਆਲੂ – ਕਿਸਾਨ ਸਤਨਾਮ ਸਿੰਘ ਪੱਤੋ
ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 7300 ਤੋਂ ਵਧੇਰੇ ਖੇਤੀ ਮਸ਼ੀਨਰੀ ਉਪਲਬਧ, ਕਿਸਾਨ ਲਾਭ ਲੈਣ – ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ
ਮੋਗਾ (ਕਮਲ) :- ਅੱਜ ਜਿਥੇ ਕੁਝ ਕਿਸਾਨ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾ ਕੇ ਸਾੜਨ ਲਈ ਬਜਿੱਦ ਹਨ ਉਥੇ ਹੀ ਕੁਝ ਨੌਜਵਾਨ ਕਿਸਾਨ ਅਜਿਹੇ ਵੀ ਹਨ ਜੋ ਖੇਤੀ ਮਾਹਿਰਾਂ ਦੀ ਸਲਾਹ ਨੂੰ ਮੰਨ ਕੇ ਅਤੇ ਵਿਗਿਆਨਕ ਲੀਹਾਂ ਉੱਤੇ ਚੱਲਦੇ ਹੋਏ ਅੱਗ ਲਗਾਉਣ ਦੀ ਬਿਜਾਏ ਖੇਤ ਵਿਚ ਹੀ ਪਰਾਲੀ ਅਤੇ ਨਾੜ ਦਾ ਪ੍ਰਬੰਧ ਕਰਨ ਨੂੰ ਪਹਿਲ ਦਿੰਦੇ ਹਨ। ਅਜਿਹੇ ਨੌਜਵਾਨ ਕਿਸਾਨ ਜਿੱਥੇ ਖੇਤੀ ਲਾਗਤ ਨੂੰ ਘਟਾਉਂਦੇ ਹਨ ਉਥੇ ਹੀ ਵੱਧ ਝਾੜ ਅਤੇ ਮੁਨਾਫ਼ਾ ਵੀ ਪ੍ਰਾਪਤ ਕਰਦੇ ਹਨ। ਪਿੰਡ ਪੱਤੋ ਅਤੇ ਨਾਲ ਲੱਗਦੇ ਪਿੰਡਾਂ ਦੇ 20 ਦੇ ਕਰੀਬ ਨੌਜਵਾਨ ਕਿਸਾਨ ਹਰ ਸਾਲ 250 ਤੋਂ ਵਧੇਰੇ ਏਕੜ ਰਕਬੇ ਨੂੰ ਅੱਗ ਨਹੀਂ ਲੱਗਣ ਦਿੰਦੇ। ਇਹਨਾਂ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਿਸ਼ੇਸ਼ ਤੌਰ ਉੱਤੇ ਇਹਨਾਂ ਦੇ ਖੇਤਾਂ ਵਿੱਚ ਗਏ ਅਤੇ ਉਹਨਾਂ ਦੇ ਜ਼ਜ਼ਬੇ ਨੂੰ ਸਰਾਹਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਇਹਨਾਂ ਨੌਜਵਾਨ ਕਿਸਾਨਾਂ ਵਿੱਚੋਂ ਇੱਕ ਸਤਨਾਮ ਸਿੰਘ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਇਕ ਦੋਸਤ ਨੇ ਸਾਲ 2016 ਵਿੱਚ ਸੌਂਹ ਖਾਧੀ ਸੀ ਇਕ ਉਹ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਉਣਗੇ ਅਤੇ ਆਪਣੇ ਹੋਰਾਂ ਸਾਥੀਆਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਨਗੇ। ਆਏ ਸਾਲ ਇਸ ਕਾਫ਼ਲੇ ਵਿੱਚ ਉਹਨਾਂ ਦੇ ਸਾਥੀ ਨੌਜਵਾਨ ਸ਼ਾਮਿਲ ਹੁੰਦੇ ਗਏ ਅਤੇ ਅੱਜ 20 ਤੋਂ ਵਧੇਰੇ ਨੌਜਵਾਨਾਂ ਨੇ ਇਕ ਗਰੁੱਪ ਬਣਾ ਕੇ ਖੁਦ ਅੱਗ ਨਾ ਲਗਾ ਕੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਅੱਜ ਖੁਦ ਆਪਣੇ 40 ਏਕੜ ਵਿੱਚ ਅੱਗ ਨਹੀਂ ਲਗਾਉਂਦਾ। ਸਾਰੇ ਦੋਸਤ ਰਲ਼ ਕੇ 250 ਤੋਂ ਵਧੇਰੇ ਏਕੜ ਖੇਤਾਂ ਨੂੰ ਸਾੜਨ ਤੋਂ ਬਚਾਉਂਦੇ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤ ਵਿੱਚ ਹੀ ਵਾਹ ਦਿੰਦੇ ਹਨ। ਕਰੀਬ ਤਿੰਨ ਚਾਰ ਦਿਨਾਂ ਬਾਅਦ ਉਥੇ ਆਲੂ ਬੀਜ ਦਿੰਦੇ ਹਨ। ਉਸਨੇ ਇਸ ਗੱਲ ਨੂੰ ਦਰਕਿਨਾਰ ਕਰ ਦਿੱਤਾ ਕਿ ਪਰਾਲੀ ਖੇਤ ਵਿੱਚ ਹੀ ਵਾਹ ਦੇਣ ਨਾਲ ਆਲੂ ਦੀ ਬਿਜਾਈ ਲੇਟ ਹੀ ਜਾਂਦੀ ਹੈ। ਉਸ ਨੇ ਕਿਹਾ ਕਿ ਜੇਕਰ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਵੇ ਤਾਂ ਉਸਤੋਂ ਬਾਅਦ ਖੇਤ ਹਫ਼ਤਾ ਹਫ਼ਤਾ ਸੁੱਕਦਾ ਨਹੀਂ ਹੈ। ਜੇਕਰ ਅੱਗ ਨਾ ਲਗਾਈ ਜਾਵੇ ਤਾਂ ਖੇਤ ਬਹੁਤ ਛੇਤੀ ਤਿਆਰ ਹੋ ਜਾਂਦਾ ਹੈ ਅਤੇ 4 ਦਿਨ ਬਾਅਦ ਆਲੂ ਅਸਾਨੀ ਨਾਲ ਬੀਜੇ ਜਾ ਸਕਦੇ ਹਨ ਅਤੇ ਆਲੂਆਂ ਨੂੰ ਰੇਹ ਸਪਰੇਅ ਵੀ ਘੱਟ ਪੈਂਦਾ ਹੈ। ਸਤਨਾਮ ਸਿੰਘ ਅਨੁਸਾਰ ਕਿਸਾਨ ਜਿੰਨਾ ਚਾਹੇ ਮਰਜ਼ੀ ਕੋਸ਼ਿਸ਼ ਕਰ ਲਵੇ ਕਿਸੇ ਵੀ ਫ਼ਸਲ ਦੇ ਖੁਰਾਕੀ ਤੱਤ ਪੂਰੇ ਨਹੀਂ ਕਰ ਸਕਦਾ। ਜੇਕਰ ਪਰਾਲੀ ਖੇਤ ਵਿਚ ਹੀ ਵਾਹ ਦਿੱਤੀ ਜਾਵੇ ਤਾਂ ਸਾਰੇ ਤੱਤ ਖੁਦ ਹੀ ਪੂਰੇ ਹੋ ਜਾਂਦੇ ਹਨ। ਉਸ ਅਨੁਸਾਰ ਪਰਾਲੀ ਅਤੇ ਨਾੜ ਨੂੰ ਅੱਗ ਨਾ ਲਗਾ ਕੇ ਕਣਕ ਅਤੇ ਝੋਨੇ ਤੋਂ ਪ੍ਰਤੀ ਏਕੜ 3000 ਰੁਪਏ ਦੇ ਕਰੀਬ ਬੱਚਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਇਕੱਲੇ ਆਲੂ ਦੇ ਇਕ ਏਕੜ ਤੋਂ 10 ਕੁਇੰਟਲ ਵੱਧ ਝਾੜ ਲਿਆ ਜਾ ਸਕਦਾ ਹੈ। ਉਥੇ ਮੌਜੂਦ ਹੋਰ ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈ ਜਾਂਦੀ ਮਸ਼ੀਨਰੀ ਦਾ ਭਰਪੂਰ ਲਾਹਾ ਲੈਂਦੇ ਹਨ। ਇਸ ਸਹੂਲਤ ਦਾ ਹੋਰ ਕਿਸਾਨਾਂ ਨੂੰ ਵੀ ਲਾਭ ਲੈਣਾ ਚਾਹੀਦਾ ਹੈ। ਉਹਨਾਂ ਸੱਦਾ ਦਿੱਤਾ ਕਿ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਨੂੰ ਅੱਗ ਨਾ ਲਗਾਉਣ ਦੇ ਨਾਲ ਨਾਲ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਇਹਨਾਂ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਹੋਰ ਕਿਸਾਨਾਂ, ਖਾਸ ਕਰਕੇ ਨੌਜਵਾਨ ਕਿਸਾਨਾਂ, ਨੂੰ ਅਪੀਲ ਕੀਤੀ ਕਿ ਉਹ ਆਪਣੀ ਧਰਤੀ ਮਾਂ, ਵਾਤਾਵਰਨ ਅਤੇ ਭਵਿੱਖ ਨੂੰ ਬਚਾਉਣ ਲਈ ਅੱਗੇ ਆਉਣ। ਜੇਕਰ ਇਕੱਲਾ ਨੌਜਵਾਨ ਵਰਗ ਹੀ ਅੱਗੇ ਆ ਜਾਵੇ ਤਾਂ ਇਸ ਦਿਸ਼ਾ ਵਿੱਚ ਬਹੁਤ ਵੱਡੀ ਸਫ਼ਲਤਾ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 7300 ਤੋਂ ਵਧੇਰੇ ਖੇਤੀ ਮਸ਼ੀਨਰੀ ਉਪਲਬਧ ਹੈ। ਜੇਕਰ ਹੋਰ ਜਰੂਰਤ ਪਈ ਤਾਂ ਉਹ ਵੀ ਮੁਹਈਆ ਕਰਵਾ ਦਿੱਤੀ ਜਾਵੇਗੀ।