ਜਲੰਧਰ (ਅਰੋੜਾ) :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀਆਂ ਐਨ.ਐਸ.ਐਸ. ਇਕਾਈਆਂ ਅਤੇ ਬੋਟਨੀ ਤੇ ਜ਼ੂਆਲੋਜੀ ਵਿਭਾਗਾਂ ਨੇ ਸਤੰਬਰ ਮਹੀਨੇ ਵਿੱਚ ਕਈ ਪ੍ਰੋਗਰਾਮਾਂ ਦਾ ਆਯੋਜਨ ਕਰਕੇ ‘ਰਾਸ਼ਟਰੀ ਪੋਸ਼ਣ ਮਹੀਨਾ 2026’ ਦੇ ਮਹੀਨਾ-ਭਰ ਚੱਲੇ ਈਵੇਂਟਸ ਦੀ ਸਮਾਪਤੀ ਕੀਤੀ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਸਥਾਨਕ, ਮੌਸਮੀ ਅਤੇ ਰਵਾਇਤੀ ਖੁਰਾਕ ਖਾਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ ਦੇ ਡਿੱਗਦੇ ਗ੍ਰਾਫ ਅਤੇ ਬਿਮਾਰੀਆਂ ਦੇ ਵਾਧੇ ਨੂੰ ਦੇਖਦੇ ਹੋਏ ਸਾਨੂੰ ਆਪਣੀ ਜੀਵਨ ਸ਼ੈਲੀ ਬਾਰੇ ਸੋਚਣ ਅਤੇ ਉਸ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਅਕਤੀ ਦੀ ਸਿਹਤ ਉਸਦੀ ਖੁਰਾਕ ‘ਤੇ ਨਿਰਭਰ ਕਰਦੀ ਹੈ ਅਤੇ ਚੰਗੀ ਸਿਹਤ ਉਸਨੂੰ ਨਾ ਸਿਰਫ਼ ਸਰੀਰਕ ਤੌਰ ‘ਤੇ ਸਗੋਂ ਮਾਨਸਿਕ ਤੌਰ ‘ਤੇ ਵੀ ਲਾਭ ਪਹੁੰਚਾਉਂਦੀ ਹੈ। ਉਨ੍ਹਾਂ ਨੇ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਲਈ ਵੱਖ-ਵੱਖ ਖੁਰਾਕਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਡਾ. ਉਪਮਾ ਅਰੋੜਾ ਨੇ ਮੋਟੇ ਅਨਾਜ (Millets) ਦੇ ਇਤਿਹਾਸ, ਵਰਤੋਂ ਅਤੇ ਮੌਜੂਦਾ ਲੋੜ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਇਹ ‘ਸੁਪਰ ਫੂਡ’ ਸਾਨੂੰ ਸ਼ੂਗਰ (ਡਾਇਬਟੀਜ਼) ਵਰਗੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰ ਸਕਦੇ ਹਨ। ਐਨ.ਐਸ.ਐਸ. ਮੁੱਖ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਉਕਤ ਵਿਸ਼ੇ ਨਾਲ ਸਬੰਧਤ 4 ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਸਥਾਰਤ ਲੈਕਚਰ, ਪੋਸਟਰ ਬਣਾਉਣ ਦਾ ਮੁਕਾਬਲਾ, ਆਨਲਾਈਨ ਕੁਇਜ਼ ਅਤੇ ਮੋਟੇ ਅਨਾਜ ਤੇ ਰਵਾਇਤੀ ‘ਸੁਪਰ ਫੂਡਜ਼’ ਦੀ ਪ੍ਰਦਰਸ਼ਨੀ ਸ਼ਾਮਲ ਸੀ। ਡਾ. ਹੇਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ ਸਨੇਹਾ, ਭੂਮਿਕਾ ਅਤੇ ਹਿਮਾਂਸ਼ੂ ਨੇ ਅਤੇ ਆਨਲਾਈਨ ਕੁਇਜ਼ ਵਿੱਚ ਦਕਸ਼ ਗੁਪਤਾ, ਓਮ ਪ੍ਰਕਾਸ਼ ਅਤੇ ਰੀਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸਮਾਗਮਾਂ ਦਾ ਪ੍ਰਬੰਧਨ ਅਤੇ ਨਿਗਰਾਨੀ ਡਾ. ਹੇਮਿੰਦਰ ਸਿੰਘ, ਡਾ. ਸੁਰਬਜੀਤ ਸਿੰਘ, ਡਾ. ਅਮਨਦੀਪ ਕੌਰ ਸੰਧੂ ਅਤੇ ਪ੍ਰੋਗਰਾਮ ਅਧਿਕਾਰੀ ਡਾ. ਰੰਜੂ ਮਹਾਜਨ ਤੇ ਡਾ. ਹਰਸ਼ਵੀਰ ਅਰੋੜਾ ਵੱਲੋਂ ਕੀਤੀ ਗਈ।
Jiwanjot Savera