ਜਲੰਧਰ (ਅਰੋੜਾ) :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੋਸਟ ਗਰੈਜੂਏਟ ਕਾਮਰਸ ਅਤੇ ਬਿਜ਼ਨਸ ਐਡਮਿਨਸਟਰੇਸ਼ਨ ਵਿਭਾਗ ਵਲੋਂ ਸਾਲਾਨਾ ਅੰਤਰ ਵਿਭਾਗ ਅਤੇ ਅੰਤਰ-ਕਾਲਜ ਅਕਾਦਮਿਕ ਅਤੇ ਸੱਭਿਆਚਾਰ ਮੇਲਾ ” ਸਿਨਰਜੀ -2026 “ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਵਿੱਚ ਕਾਲਜ ਦੇ ਸਮੂਹ ਵਿਭਾਗਾਂ ਨੇ ਵੱਖ ਵੱਖ ਕੰਪੀਟੀਸ਼ਨਾਂ ਵਿੱਚ ਭਾਗ ਲਿਆ। ਅੰਤਰ ਕਾਲਜ ਅਤੇ ਅੰਤਰ ਵਿਭਾਗ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਵਿਚ ਸ. ਰਾਜਪਾਲ ਸਿੰਘ ਸੰਧੂ ਆਈ.ਜੀ. ਪੰਜਾਬ ਪੁਲਿਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ, ਜ਼ਿੰਦਗੀ ਦਾ ਬਹੁਤ ਵਧੀਆ ਪੜਾਅ ਹੈ। ਇਥੋਂ ਸਿੱਖ ਕੇ ਤੁਸੀਂ ਨਰੋਆ ਸਮਾਜ ਸਿਰਜਣ ਵਿੱਚ ਸਹਾਈ ਹੋ ਸਕਦੇ ਹੋ। ਅਜਿਹੇ ਪ੍ਰੋਗਰਾਮ ਸਾਨੂੰ ਜੀਵਨ ਵਿੱਚ ਨਵੀਆਂ ਇਬਾਰਤਾਂ ਲਿਖਣ ਵੱਲ ਪ੍ਰੇਰਿਤ ਕਰਦੇ ਹਨ। ਸ. ਜਗਦੀਪ ਸਿੰਘ ਗਿੱਲ ਸਾਬਕਾ ਹਾਕੀ ਖਿਡਾਰੀ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਨਾਮਨਾ ਖੱਟਿਆ ਅਤੇ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆ ਦੇ ਨਾਲ ਖੇਡਾਂ ਅਤੇ ਸਭਿਆਚਾਰਕ ਸਮਾਗਮਾਂ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ। ਇਸ ਸਮੇਂ ਉਨ੍ਹਾਂ ਨਾਲ ਵੱਖ ਵਿਭਾਗਾਂ ਦੇ ਮੁਖੀ ਅਤੇ ਡੀਨ ਵੀ ਸ਼ਾਮਿਲ ਸਨ। ਇਸ ਮੌਕੇ ਐਡ ਮੈਡ ਸ਼ੋਅ, ਕੋਰੀਉਗ੍ਰਾਫੀ, ਜਰਨਲ ਡਾਂਸ ਮੁਕਾਬਲੇ ਹੋਏ, ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਪੜ੍ਹਾਈ ਦੇ ਨਾਲ-ਨਾਲ ਅਜਿਹੇ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਉਨ੍ਹਾਂ ਦੀ ਅੰਦਰਲੀ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ।






ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਈ ਵਾਰ ਵਿਦਿਆਰਥੀ ਅਜਿਹੀ ਕਲਾ ਨਾਲ ਵੀ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਲੈਂਦੇ ਹਨ। ਉਨ੍ਹਾਂ ਕਾਲਜ ਵਿਚ ਯੂਨੀਵਰਸਿਟੀ ਪੱਧਰ ਦਾ ਮੁਕਾਬਲਾ ਕਰਵਾਉਣ ਲਈ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਅਤੇ ਵਿਭਾਗ ਦੇ ਮੁਖੀ ਪ੍ਰੋ.ਅਮਿਤਾ ਸ਼ਹੀਦ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦੀ ਆਮਦ ਜਿੱਥੇ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਉਥੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸੋਮਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਸ਼ਿਰਕਤ ਕਰਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ। ਲਾਇਲਪੁਰ ਖ਼ਾਲਸਾ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਪ੍ਰੇਰਨਾ ਅਤੇ ਸਹਿਯੋਗ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਕਰਵਾਏ ਗਏ ਮੁਕਾਬਲਿਆਂ ਵਿੱਚ ਨਿਰਨਾਇਕ ਦੀ ਭੂਮਿਕਾ ਡਾ ਪਲਵਿੰਦਰ ਸਿੰਘ, ਡਾ ਹਰਜਿੰਦਰ ਕੌਰ, ਡਾ ਰਵਨੀਤ ਕੌਰ ਨੇ ਨਿਭਾਈ। ਅੰਤਰ ਕਾਲਜ ਮੁਕਾਬਲਿਆਂ ਵਿੱਚ ਲੜੀਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦਾ ਨਤੀਜਾ ਇਸ ਪ੍ਰਕਾਰ ਰਿਹਾ। ਗਰੁੱਪ ਡਾਂਸ ਹਿੰਦੂ ਕੰਨਿਆ ਕਾਲਜ ਕਪੂਰਥਲਾ (1), ਦੋਆਬਾ ਕਾਲਜ ਜਲੰਧਰ (2), ਐਲ.ਕੇ.ਸੀ (3), ਕੋਰਿਓਗ੍ਰਾਫਰ ਕੇ ਐਮ ਵੀ ਕਾਲਜ ਜਲੰਧਰ (1), ਖ਼ਾਲਸਾ ਫਾਰ ਵਿਮੈਨ (2), ਖ਼ਾਲਸਾ ਕਾਲਜ ਜਲੰਧਰ (2), ਐਡਮੈਡ ਸ਼ੋਅ ਹਿੰਦੂ ਕੰਨਿਆ ਕਾਲਜ ਅਤੇ ਕਾਮਰਸ ਵਿਭਾਗ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ (1), ਟਰੀਨਿਟੀ ਕਾਲਜ ਜਲੰਧਰ ਅਤੇ ਕੰਪਿਊਟਰ ਵਿਭਾਗ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ (2), ਲੋਕ ਨਾਚ ਖ਼ਾਲਸਾ ਕਾਲਜ ਅੰਮ੍ਰਿਤਸਰ ਝੂੰਮਰ (1), ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਗਿੱਧਾ (1), ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਲੁੱਡੀ ( 1), ਰਹੇ। ਅੰਤਰ ਵਿਭਾਗ ਗਰੁੱਪ ਡਾਂਸ ਕੰਪਿਊਟਰ ਵਿਭਾਗ (1), ਫਿਜ਼ੀਓਥਰੈਪੀ ਅਤੇ ਸੰਗੀਤ ਵਿਭਾਗ (2), ਇਕਨਾਮਿਕਸ ਅਤੇ ਕਾਮਰਸ ਵਿਭਾਗ (3) ਰਹੇ। ਮੰਚ ਸੰਚਾਲਕ ਦੀ ਭੂਮਿਕਾ ਪਂਜਾਬੀ ਵਿਭਾਗ ਤੋਂ ਡਾ. ਸੁਖਦੇਵ ਸਿੰਘ ਨਾਗਰਾ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ।
JiwanJotSavera