ਜਲੰਧਰ (ਅਰੋੜਾ) :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਹੜੇ ਦੇ ਵਿੱਚ ਪਿਛਲੇ ਦਿਨੀਂ ਪ੍ਰਸਿੱਧ ਕਬੱਡੀ ਪ੍ਰਮੋਟਰ ਸਰਦਾਰ ਅਜੈਬ ਸਿੰਘ ਚੱਠਾ ਪਧਾਰੇ ।ਕਾਲਜ ਦੇ ਪ੍ਰਿੰਸੀਪਲ ਡਾਕਟਰ ਰਸ਼ਪਾਲ ਸਿੰਘ sMDU ਨੇ ਉਹਨਾਂ ਨੂੰ ਜੀ ਆਇਆ ਆਖਿਆ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਾਰੇ ਚਰਚਾ ਕਰਦਿਆਂ ਉਨਾਂ ਦੱਸਿਆ ਕਿ ਲਾਇਲਪੁਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਾਬਕਾ ਪ੍ਰਧਾਨ ਸਵਰਗੀ ਸਰਦਾਰ ਬਲਬੀਰ ਸਿੰਘ ਨੇ ਕਬੱਡੀ ਦੇ ਖੇਤਰ ਦੇ ਵਿੱਚ ਇਤਿਹਾਸਿਕ ਯੋਗਦਾਨ ਦਿੱਤਾ ਹੈ। ਸਰਦਾਰ ਬਲਬੀਰ ਸਿੰਘ ਨੇ ਕਬੱਡੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਵਿੱਚ ਮੁੱਢਲੀ ਅਤੇ ਅਹਿਮ ਭੂਮਿਕਾ ਨਿਭਾਈ। ਮਾਂ ਖੇਡ ਕਬੱਡੀ ਦੇ ਨਾਲ ਉਹਨਾਂ ਦਾ ਗਹਿਰਾ ਲਗਾਵ ਸੀ ਅਤੇ ਉਹ ਚਾਹੁੰਦੇ ਸਨ ਕਿ ਦੁਨੀਆਂ ਦੇ ਨਕਸ਼ੇ ਉੱਤੇ ਪੰਜਾਬੀਆਂ ਦੀ ਇਹ ਖੇਡ ਆਪਣੀ ਭਰਵੀਂ ਹੋਂਦ ਦਾ ਅਹਿਸਾਸ ਕਰਾਵੇ। ਅਜੈਬ ਸਿੰਘ ਚੱਠਾ ਨੇ ਪੁਰਾਣੇ ਦੌਰ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਬਲਬੀਰ ਸਿੰਘ ਜਿੱਥੇ ਅਕਾਦਮਿਕ ਖੇਤਰ ਵਿੱਚ ਪੰਜਾਬ ਨੂੰ ਸਭ ਤੋਂ ਅਗਾਂਹ ਵੇਖਣਾ ਚਾਹੁੰਦੇ ਸਨ ਉੱਥੇ ਨਾਲ ਹੀ ਉਹ ਪਂਜਾਬੀ ਸੱਭਿਆਚਾਰ ਅਤੇ ਖੇਡਾਂ ਪ੍ਰਤੀ ਨੌਜਵਾਨ ਵਿਦਿਆਰਥੀਆਂ ਨੂੰ ਜੋੜਨ ਲਈ ਪੂਰੀ ਤਰ੍ਹਾਂ ਸਮਰਪਿਤ ਸਨ। ਅਜੈਬ ਸਿੰਘ ਹੁਣਾਂ ਨੇ ਦੱਸਿਆ ਕਿ ਉਹ ਕਬੱਡੀ ਨੂੰ ਅੰਤਰਰਾਸ਼ਟਰੀ ਮੰਚ ਉੱਪਰ ਲੈ ਕੇ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸਭਾ ਦੇ ਸਹਿਯੋਗ ਨਾਲ ਇੱਕ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ ਕਰਵਾਉਣ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਦਾਰ ਬਲਬੀਰ ਸਿੰਘ ਦੇ ਪਾਏ ਹੋਏ ਪੂਰਨੇ ਅੱਜ ਦੇ ਨੌਜਵਾਨਾਂ ਲਈ ਇੱਕ ਰਾਹ ਦਸੇਰੇ ਦਾ ਕੰਮ ਕਰ ਸਕਦੇ ਹਨ।ਇਸ ਮੌਕੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾ ਤੋਂ ਪਂਜਾਬੀ ਸੱਭਿਆਚਾਰ ਨਾਲ ਪ੍ਰਤੀਬੱਧ ਰਿਹਾ ਹੈ ਤੇ ਰਹੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਜਿੰਨਾ ਚਿਰ ਸਾਡੀ ਮਾਂ ਬੋਲੀ ਤੇ ਮਾਂ ਖੇਡ ਜਿਊਂਦੀ ਰਹੂਗੀ , ਪੰਜਾਬ ਪਂਜਾਬੀ ਤੇ ਪੰਜਾਬੀਅਤ ਜਿਊਂਦੀ ਰਹੂਗੀ । ਪ੍ਰਿੰਸੀਪਲ ਸਾਹਿਬ ਨੇ ਆਖਿਆ ਕਿ ਇਸ ਨਵੇਕਲੀ ਕਿਸਮ ਦੀ ਕਾਨਫਰੰਸ਼ ਰਾਹੀਂ ਤੁਸੀਂ ਨਵੀਆਂ ਪਿਰਤਾਂ ਸਿਰਜ ਰਹੇ ਹੋ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਇਸ ਕਾਨਫਰੰਸ ਵਿੱਚ ਸ਼ਾਮਲ ਹੋ ਕੇ ਸਾਡੇ ਕਾਲਜ ਦੇ ਦੋ ਪ੍ਰੋਫੈਸਰ ਸਾਹਿਬਾਨ ਡਾ. ਹਰਜਿੰਦਰ ਸਿੰਘ ਸੇਖੋਂ ਅਤੇ ਡਾ.ਸੁਖਦੇਵ ਸਿੰਘ ਨਾਗਰਾ ਆਪਣੇ ਖੋਜ ਪੱਤਰ ਪੜਨਗੇ। ਉਨ੍ਹਾਂ ਨੇ ਇਸ ਕਾਨਫਰੰਸ ਲਈ ਕਾਲਜ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਹਿਬਾਨ, ਅਧਿਆਪਕ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਸਨ ।
JiwanJotSavera