ਮਿਸ ਨੀਲਮ ਅਰੋੜਾ ਜ਼ਿਲਾ ਤੇ ਸੈਸ਼ਨ ਜੱਜ ਮੋਗਾ ਨੇ ਵਧੀਆ ਕਾਰਗੁਜਾਰੀ ਵਾਲੇ ਕਰਮੀਆਂ ਨੂੰ ਕੀਤਾ ਸਨਮਾਨਿਤ
ਮੋਗਾ (ਵਿਮਲ) :- ਮਿਸਟਰ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਚਲਾਈ ਜਾ ਰਹੀ “ਯੂਥ ਅਗੇਂਸਟ ਡਰੱਗਜ-ਐਂਟੀ ਡਰੱਗਜ ਅਵੇਰਨੈੱਸ ਡਰਾਈਵ” ਸਫਲਤਾ ਪੂਰਵਕ ਸੰਪੰਨ ਹੋ ਚੁੱਕੀ ਹੈ। ਇਹ ਮੁਹਿੰਮ 06 ਦਸੰਬਰ 2025 ਤੋਂ 06 ਜਨਵਰੀ 2026 ਤੱਕ ਪੂਰਾ ਇੱਕ ਮਹੀਨਾ ਚੱਲੀ। ਇਸ ਮੁਹਿੰਮ ਦੀ ਸਫਲਤਾ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਸਿਹਤ ਵਿਭਾਗ, ਸਿੱਖਿਆ ਵਿਭਾਗ, ਪੁਲਿਸ ਵਿਭਾਗ, ਸੂਚਨਾ ਤੇ ਸੰਪਰਕ ਵਿਭਾਗ ਦੇ ਅਫਸਰਾਨ/ਕਰਮਚਾਰੀਆਂ, ਐੱਨ.ਜੀ.ਓਜ਼, ਪੈਨਲ ਵਕੀਲ ਤੇ ਪੈਰਾ ਲੀਗਲ ਵਲੰਟੀਅਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੁਹਿੰਮ ਤਹਿਤ ਮੋਗਾ ਜ਼ਿਲ੍ਹਾ ਵਿੱਚ ਰੈਲੀਆਂ, ਵਰਕਸ਼ਾਪਾਂ, ਮੈਡੀਕਲ ਕੈਂਪ ਲਗਾਏ ਗਏ। ਵਿਦਿਆਰਥੀਆਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਭਾਸ਼ਣ, ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਨੁੱਕੜ ਨਾਟਕ ਵਰਗੇ ਮੁਕਾਬਲੇ ਆਦਿ ਵੀ ਕਰਵਾਏ ਗਏ।

ਇਸ ਮੁਹਿੰਮ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮੀਆਂ ਨੂੰ ਮਿਸ ਨੀਲਮ ਅਰੋੜਾ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਅਤੇ ਮਿਸ ਕਿਰਨ ਜਯੋਤੀ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਪ੍ਰਸੰਸਾ ਪੱਤਰ ਵੰਡ ਕੇ ਹੌਂਸਲਾ ਅਫਜ਼ਾਈ ਕੀਤੀ ਗਈ। ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਮੇਂ ਸਮੇਂ ਤੇ ਚਲਾਈਆਂ ਜਾਂਦੀਆਂ ਹਨ ਤਾਂ ਕਿ ਵਿਦਿਆਰਥੀ, ਆਮ ਲੋਕ ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣ। ਉਹਨਾਂ ਸਮੂਹ ਵਿਭਾਗਾਂ ਦੇ ਹਾਜਰੀਨ ਨੂੰ ਕਿਹਾ ਕਿ ਇਸ ਮੁਹਿੰਮ ਤੋਂ ਬਾਅਦ ਵੀ ਉਹ ਨਿੱਜੀ ਤੌਰ ਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਜਾਰੀ ਰੱਖਣ ਅਤੇ ਇੱਕ ਚੰਗੇ ਨਾਗਰਿਕ ਦਾ ਫਰਜ ਅਦਾ ਕਰਨ। ਇਸ ਸਮਾਰੋਹ ਦੇ ਮੌਕੇ ਤੇ ਪਰਦੀਪ ਕੁਮਾਰ ਸਿਵਲ ਸਰਜਨ, ਡਾ: ਚਰਨਪ੍ਰੀਤ ਸਿੰਘ (ਸਾਈਕੈਟਰਿਸਟ), ਸਰਬਜੀਤ ਸਿੰਘ ਡੀ.ਐੱਸ.ਪੀ (ਐੱਨ.ਡੀ.ਪੀ.ਐੱਸ), ਸ. ਜਸਵਿੰਦਰ ਸਿੰਘ ਪ੍ਰੋਜੈਕਟ ਡਾਇਰੈਕਟਰ ਸੈਂਟਰਲ ਕਲੱਬ ਮੋਗਾ ਆਦਿ ਵੀ ਹਾਜਰ ਸਨ।
JiwanJotSavera