ਪਹਿਲੀ ਟੀਮ ਦੇ ਕੰਮਾਂ ਦੀ ਹੋਈ ਸ਼ਲਾਘਾ
ਜਲੰਧਰ (ਅਰੋੜਾ) :- ਪ੍ਰੈੱਸ ਕਲੱਬ ਦੀਆਂ ਮਿਤੀ 15 ਦਸੰਬਰ ਨੂੰ ਹੋਈਆਂ ਚੋਣਾਂ ਵਿੱਚ ਨਵੀਂ ਚੁਣੀ ਗਵਰਨਿੰਗ ਕੌਂਸਿਲ ਅੱਜ ਪਹਿਲੀ ਮੀਟਿੰਗ ਲਈ ਇਕੱਤਰ ਹੋਈ। ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਸਮੁੱਚੀ ਟੀਮ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਰਸਮੀ ਤੌਰ ਤੇ ਸਵਾਗਤ ਕੀਤਾ। ਜਿਕਰਯੋਗ ਹੈ ਕਿ ਜਤਿੰਦਰ ਪਾਲ ਸਿੰਘ ਪਿਛਲੇ ਤਕਰੀਬਨ ਵੀਹ ਸਾਲਾਂ ਤੋਂ ਲਗਾਤਾਰ ਕਲੱਬ ਵਿੱਚ ਆਪਣੀਆਂ ਸੇਵਾਵਾਂ ਦਿੰਦਿਆ ਮੀਡੀਆ ਜਗਤ ਤੋਂ ਇਲਾਵਾ ਸਿਆਸੀ, ਧਾਰਮਿਕ ਅਤੇ ਸਮਾਜਿਕ ਹਸਤੀਆਂ ਨਾਲ ਇੱਕ ਸੁਚਾਰੂ ਰਾਬਤਾ ਕਾਇਮ ਰੱਖਦਿਆਂ ਸੰਸਥਾ ਲਈ ਸਮਰਪਿਤ ਹਨ। ਅੱਜ ਉਨ੍ਹਾਂ ਨੇ ਨਵੀਂ ਚੁਣੀ ਟੀਮ ਨਾਲ ਕਲੱਬ ਦਾ ਦੌਰਾ ਕਰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਸ਼ਲਾਘਾਯੋਗ ਕਾਰਜਾਂ ਤੇ ਰੌਸ਼ਨੀ ਪਾਉਂਦਿਆਂ ਅੱਗੇ ਫ਼ੌਰੀ ਤੌਰ ਤੇ ਲੋੜੀਦੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਉੱਤੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਵੱਲੋਂ ਖਾਸ ਉਤਸ਼ਾਹ ਦਿਖਾਉਂਦਿਆਂ ਇਨ੍ਹਾਂ ਕਾਰਜਾਂ ਨੂੰ ਜਲਦ ਨੇਪਰੇ ਚੜ੍ਹਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ, ਕਲੱਬ ਦੇ ਚਹੁਪੱਖੀ ਵਿਕਾਸ ਲਈ ਤਤਪਰ ਰਹਿਣ ਅਤੇ ਮੀਡੀਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਜਲਦ ਹੀ ਸ਼ੁਰੂ ਕੀਤੇ ਜਾਣਗੇ। ਇਸ ਦੌਰਾਨ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸੱਕਤਰ ਪੁਨੀਤ ਸਹਿਗਲ, ਖਜ਼ਾਨਚੀ ਸ਼ਿਵ ਕੁਮਾਰ ਸ਼ਰਮਾ, ਸਕੱਤਰ ਰਾਜੇਸ਼ ਸ਼ਰਮਾ ਯੋਗੀ, ਸੰਯੁਕਤ-ਸੱਕਤਰ ਸੁਕਰਾਂਤ ਸਫ਼ਰੀ ਅਤੇ ਜਨਰਲ ਮੈਨੇਜ਼ਰ ਜਤਿੰਦਰ ਪਾਲ ਸਿੰਘ ਹਾਜ਼ਰ ਸਨ। ਫੋਟੋ ਕੈਪਸ਼ਨ: ਪੰਜਾਬ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਦੇ ਹੋਏ ਕਲੱਬ ਦੇ ਜਨਰਲ ਮੈਨੇਜ਼ਰ ਜਤਿੰਦਰ ਪਾਲ ਸਿੰਘ, ਨਾਲ ਹਨ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ(ਖੱਬੇ), ਜਨਰਲ ਸੱਕਤਰ ਪੁਨੀਤ ਸਹਿਗਲ, ਸਕੱਤਰ ਰਾਜੇਸ਼ ਸ਼ਰਮਾ ਯੋਗੀ ਅਤੇ ਸੰਯੁਕਤ ਸੱਕਤਰ ਸੁਕਰਾਂਤ ਸਫ਼ਰੀ।
JiwanJotSavera