ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਲੋਂ ਜਿਲ੍ਹਾ ਅਧਿਕਾਰੀਆਂ ਨੂੰ ਸੈਮੀਨਾਰ ਦੌਰਾਨ ਦਿੱਤੀ ਗਈ ਟ੍ਰੇਨਿੰਗ


ਅੰਮ੍ਰਿਤਸਰ,(JJS) 26 ਨਵੰਬਰ 2025–
ਪਲਾਨਿੰਗ ਵਿਭਾਗ ਵੱਲੋਂ ਅੱਜ ਵਾਈਬਰੈਂਟ ਵਿਲੇਜ ਪ੍ਰੋਗਰਾਮ (VVP-II) ਬਾਰੇ ਇਕ ਮਹੱਤਵਪੂਰਨ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਫਲੈਗਸ਼ਿਪ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਸੀ।
ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਗ੍ਰਹਿ ਮੰਤਰਾਲੇ ਤੋਂ ਡਾਇਰੈਟਰ ਸ੍ਰੀ ਪੁਸ਼ਪਿੰਦਰ ਸਿੰਘ ਅਤੇ ਡੀ.ਸੀ. ਪ੍ਰਦੀਪ ਕੁਮਾਰ ਪਾਂਡੇ ਗ੍ਰਹਿ ਮੰਤਰਾਲੇ ਨੇ ਇਸ ਸਕੀਮ ਬਾਰੇ ਰਾਜ ਦੇ ਛੇ ਜਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ ਅਤੇ ਪਠਾਨਕੋਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਾਈਬਰੈਂਟ ਵਿਲੇਜ ਪ੍ਰੋਗਰਾਮ ਇਕ 100% ਕੇਂਦਰੀ ਖੇਤਰ ਯੋਜਨਾ ਹੈ, ਜੋ ਅੰਤਰਰਾਸ਼ਟਰੀ ਜ਼ਮੀਨੀ ਸਰਹੱਦ ਨਾਲ ਲੱਗਦੇ 0 ਤੋਂ 10 ਕਿਲੋਮੀਟਰ ਦੀ ਰੇਂਜ ਵਿੱਚ ਆਉਣ ਵਾਲੇ ਪਿੰਡਾਂ ਵਿੱਚ ਵਿਆਪਕ ਵਿਕਾਸ ਲਿਆਉਣ ਲਈ ਸ਼ੁਰੂ ਕੀਤੀ ਗਈ ਹੈ। ਇਹ ਯੋਜਨਾ ਸਿਰਫ਼ ਬੁਨਿਆਦੀ ਢਾਂਚੇ ਦੀ ਵਿਕਾਸ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਵੀ ਉਤਸ਼ਾਹਿਤ ਕਰਦੀ ਹੈ—ਜਿਵੇਂ ਕਿ ਰੋਜ਼ਗਾਰ ਸਿਰਜਣਾ, ਹੁਨਰ ਵਿਕਾਸ, ਪਰੀਟਨ ਦੀ ਤਰੱਕੀ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਸੁਧਾਰ।
ਡਾ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਮੁੱਖ ਤੌਰ ਤੇ ਚਾਰ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਜਿਨਾਂ ਵਿੱਚ ਆਲ-ਵੇਦਰ ਸੜਕ ਕੁਨੈਕਟਿਵਟੀ, 4G ਟੈਲੀਕਾਮ ਕੁਨੈਕਟਿਵਟੀ, ਟੈਲੀਵੀਜ਼ਨ ਕੁਨੈਕਟਿਵਟੀ, ਆਨ-ਗ੍ਰਿਡ ਬਿਜਲੀਕਰਨ ਸ਼ਾਮਲ ਹੈ। ਉਨਾਂ ਦੱਸਿਆ ਕਿ ਇਸ ਯੋਜਨਾ ਦੀ ਪੂਰੀ ਵਰਕਫ਼ਲੋ ਡਿਜ਼ੀਟਲ VVP ਪੋਰਟਲ ਰਾਹੀਂ ਚਲਾਈ ਜਾਂਦੀ ਹੈ, ਤਾਂ ਜੋ ਪਾਰਦਰਸ਼ਤਾ ਅਤੇ ਕੰਮਾਂ ਦੀ ਰੀਅਲ-ਟਾਈਮ ਨਿਗਰਾਨੀ ਯਕੀਨੀ ਬਣਾਈ ਜਾ ਸਕੇ। ਰਾਜ ਅਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਯੋਜਨਾ ਦੀ ਪ੍ਰਭਾਵਸ਼ਾਲੀ ਲਾਗੂ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਇਸ ਵਿੱਚ DM/DC ਨੂੰ ਨੋਡਲ ਅਧਿਕਾਰੀ ਅਤੇ ਡਿਪਟੀ ESA ਨੂੰ ਕਨਵੀਨਰ ਨਾਮਜ਼ਦ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇਨਾਂ ਸਰਹੱਦੀ ਪਿੰਡਾਂ ਨੂੰ ਵਿਕਾਸ ਦੇ ਆਧਾਰ ਤੇ ਗ੍ਰਾਂਟ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਵਰਕਸ਼ਾਪ ਦੌਰਾਨ ਵਿਭਾਗ ਨੇ ਸਾਰੇ ਭਾਗੀਦਾਰਾਂ ਨੂੰ ਸਹਯੋਗ ਅਤੇ ਆਪਸੀ ਤਾਲਮੇਲ ਨਾਲ ਯੋਜਨਾ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ। ਅਧਿਕਾਰੀਆਂ ਨੇ ਇਹ ਵਿਸ਼ਵਾਸ਼ ਜਤਾਇਆ ਕਿ VVP-II ਰਾਹੀਂ ਸਰਹੱਦੀ ਪਿੰਡਾਂ ਨੂੰ ਕਲਾਸ–I ਪਿੰਡਾਂ ਦੇ ਸਮਾਨ ਸੁਵਿਧਾਵਾਂ ਪ੍ਰਦਾਨ ਕਰਕੇ ਇੱਕ ਨਵੀਂ ਦਿਸ਼ਾ ਦਿੱਤੀ ਜਾਵੇਗੀ।
ਇਸ ਵਰਕਸ਼ਾਮ ਵਿੱਚ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ, ਐਸ.ਡੀ.ਐਮ. ਗੁਰਮੀਤ ਸਿੰਘ ਨੇ ਹਿੱਸਾ ਲਿਆ, ਬਾਰਡਰ ਸਕਿਓਰਟੀ ਫੋਰਸ ਤੋਂ ਅਜੇ ਕਪਿਲ, ਪਲੈਨਿੰਗ ਵਿਭਾਗ, ਚੰਡੀਗੜ੍ਹ ਤੋਂ ਅਨੁਪਮਾ ਸ਼ਰਮਾ, ਡਾਇਰੈਕੋਰੇਟ ਆਫ ਸਟੈਟਿਸਟਿਕਸ ਤੋਂ ਚਰਨਜੀਤ ਸਿੰਘ ਡਾਇਰੈਕਟਰ, ਉਪ ਅਰਥ ਅਤੇ ਅੰਕੜਾ ਸਲਾਹਕਾਰ ਤਰਨ ਤਾਰਨ ਡਾ. ਅਮਨਦੀਪ ਸਿੰਘ ਸੈਣੀ, ਉਪ ਅਰਥ ਅਤੇ ਅੰਕੜਾ ਸਲਾਹਕਾਰ ਅੰਮ੍ਰਿਤਸਰ ਅਰੁਣ ਮਹਾਜਨ ਵੀ ਹਾਜ਼ਰ ਸਨ।
JiwanJotSavera