ਡੀ.ਸੀ. ਸਾਗਰ ਸੇਤੀਆ ਨੇ ਰਜਿਸਟਰਡ ਪੈੱਟ ਸ਼ਾਪਸ ਤੇ ਡਾਗ ਬਰੀਡਿੰਗ ਕਾਰੋਬਾਰੀਆਂ ਨੂੰ ਵੰਡੇ ਰਜਿਸਟ੍ਰੇਸ਼ਨ ਸਰਟੀਫਿਕੇਟ
ਕਿਹਾ ! ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਪੈੱਟ ਸ਼ਾਪਸ ਅਤੇ ਡਾਗ ਬਰੀਡਰ ਨੂੰ ਸਜਾ ਦੇ ਨਾਲ ਹੋ ਸਕਦੈ 50 ਹਜਾਰ ਤੱਕ ਜੁਰਮਾਨਾ
ਮੋਗਾ (ਵਿਮਲ) :- ਪੰਜਾਬ ਰਾਜ ਵਿਚ ਪਸ਼ੂ ਭਲਾਈ ਬੋਰਡ ਦਾ ਗਠਨ ਹੋ ਚੁੱਕਿਆ ਹੈ ਅਤੇ ਰਾਜ ਵਿਚ ਡਾਗ ਬਰੀਡਿੰਗ ਐਂਡ ਮਾਰਕਟਿੰਗ ਰੂਲਜ-2017 ਅਤੇ ਪੈੱਟ ਸ਼ਾਪਸ ਰੂਲਜ 2018 ਪੂਰੀ ਤਰ੍ਹਾਂ ਲਾਗੂ ਹਨ। ਇਨ੍ਹਾਂ ਨਿਯਮਾਂ ਤਹਿਤ ਕੁੱਤਿਆਂ ਦੀ ਬ੍ਰੀਡਿੰਗ ਅਤੇ ਵਪਾਰ ਕਰਨ ਵਾਲਿਆਂ ਅਤੇ ਪਾਲਤੂ ਜਾਨਵਰ, ਪੰਛੀ ਵੇਚਣ ਵਾਲੀਆਂ ਦੁਕਾਨਾਂ, ਅਦਾਰਿਆਂ ਅਤੇ ਆਨਲਾਈਨ ਵਪਾਰੀਆਂ ਨੂੰ ਇਨ੍ਹਾਂ ਰੂਲਾਂ ਅਧੀਨ ਰਜਿਸਟਰੇਸ਼ਨ ਕਰਵਾਉਣੀ ਅਤੇ ਨਿਯਮਾਂ ਅਨੁਸਾਰ ਕਾਰੋਬਾਰ ਕਰਨਾ ਲਾਜ਼ਮੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਅੱਜ ਪਸ਼ੂ ਭਲਾਈ ਬੋਰਡ ਪੰਜਾਬ ਨਾਲ ਰਜਿਸਟਰਡ ਪੈਟ ਸ਼ਾਪਸ ਅਤੇ ਡਾਗ ਬਰੀਡਿੰਗ ਕਾਰੋਬਾਰੀਆਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵੰਡਣ ਮੌਕੇ ਕੀਤਾ। ਉਹਨਾਂ ਕਿਹਾ ਕਿ ਨਿਰਧਾਰਿਤ ਕਮੇਟੀ ਵੱਲੋਂ ਚੈਕਿੰਗ ਦੌਰਾਨ ਜੇਕਰ ਇਹ ਪਾਇਆ ਗਿਆ ਕਿ ਬਿਨ੍ਹਾਂ ਰਜਿਸਟ੍ਰੇਸ਼ਨ ਦੇ ਪੈੱਟ ਸ਼ਾਪਸ ਅਤੇ ਡਾਗ ਬਰੀਡਿੰਗ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ 5 ਤੋਂ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਮਹੀਨੇ ਦੀ ਸਜਾ ਹੋ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਟੀਫਾਈਡ ਸ਼ਾਪਸ ਅਤੇ ਡਾਗ ਬਰੀਡਿੰਗ ਤੋਂ ਹੀ ਪੈਟ /ਡਾਗ ਦੀ ਖਰੀਦ ਕਰਨ। ਡਾ. ਹਿੰਮਾਸ਼ੂ ਸਿਆਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪੈੱਟ ਸ਼ਾਪਸ ਅਤੇ ਡਾਗ ਬਰੀਡਿੰਗ ਦੇ ਕਾਰੋਬਾਰੀ ਦਫਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨਾਲ 94780-54485 ਨੰਬਰ ਨਾਲ ਰਜਿਸਟ੍ਰੇਸ਼ਨ ਲਈ ਰਾਬਤਾ ਕਰ ਸਕਦੇ ਹਨ।
JiwanJotSavera