ਬੇਲਰ ਨਾਲ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਕਿਸਾਨਾਂ ਦੀ ਕੀਤੀ ਸ਼ਲਾਘਾ
ਮੋਗਾ (ਵਿਮਲ) :- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਬਾਘਾਪੁਰਾਣਾ ਬੇਅੰਤ ਸਿੰਘ ਸਿੱਧੂ ਵੱਲੋਂ ਪਿੰਡਾਂ ਵਿੱਚ ਦੌਰੇ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਇਸ ਮੁਹਿੰਮ ਦੀ ਲਗਾਤਾਰਤਾ ਵਿੱਚ ਉਹਨਾਂ ਵੱਲੋਂ ਅੱਜ ਪਿੰਡ ਠੱਠੀ ਭਾਈ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ। ਇਸ ਤੋਂ ਬਾਅਦ ਉਹਨਾਂ ਬੇਲਰ ਮਸ਼ੀਨ ਨਾਲ ਬਣਾਈਆਂ ਜਾ ਰਹੀਆਂ ਪਰਾਲੀ ਦੀਆਂ ਗੱਠਾਂ ਦੇ ਖੇਤਾਂ ਦਾ ਦੌਰਾ ਕਰਕੇ ਕਿਸਾਨਾਂ ਦੀ ਹੌਂਸਲਾ ਅਫਜਾਈ ਕੀਤੀ। ਉਹਨਾਂ ਕਿਹਾ ਕਿ ਹੁਣ ਬਹੁਤੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨਾ ਬੰਦ ਕਰ ਦਿੱਤਾ ਗਿਆ ਹੈ ਪਰਾਲੀ ਦੇ ਮਾਮਲੇ ਪਿਛਲੇ ਸਾਲ ਨਾਲੋਂ ਬਹੁਤ ਘਟ ਗਏ ਹਨ।

ਉਹਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਕੇਵਲ ਹਵਾ ਪ੍ਰਦੂਸਿਤ ਹੁੰਦੀ ਹੈ ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ ਅਤੇ ਲੋਕਾਂ ਦੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਕ ਕਾਨੂੰਨੀ ਉਲੰਘਣਾ ਨਹੀਂ ਹੈ ਸਗੋਂ ਭਵਿੱਖੀ ਪੀੜ੍ਹੀਆਂ ਨਾਲ ਵੀ ਬਹੁਤ ਵੱਡਾ ਅਨਿਆਂ ਹੈ। ਇਸ ਮੌਕੇ ਡਾ. ਖੁਸਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਾਘਾਪੁਰਾਣਾ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਬੇਲਰ, ਹੈਪੀ ਸੀਡਰ, ਸੁਪਰ ਸੀਡਰ, ਮਲਚਰ ਆਦਿ ਸਬਸਿਡੀ ਉਪਰ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਵਿੱਚ ਉਪਲੱਬਧ ਹਨ ਅਤੇ ਕਿਸਾਨ ਇਹਨਾਂ ਦਾ ਲਾਹਾ ਲੈ ਸਕਦੇ ਹਨ। ਇਸ ਮੌਕੇ ਸੰਦੀਪ ਕੌਰ, ਸਬ-ਇੰਸਪੈਕਟਰ, ਥਾਣਾ ਸਮਾਲਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਸਮਾਜਿਕ ਅਤੇ ਵਾਤਾਵਰਨਿਕ ਜਿੰਮੇਵਾਰੀ ਸਮਝਦੇ ਹੋਏ ਪਰਾਲੀ ਸਾੜਨ ਤੋਂ ਗੁਰੇਜ ਕਰਨ।
JiwanJotSavera