ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ ਆਪਣੇ ਸਟਾਫ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ। ਹਾਲ ਹੀ ਵਿੱਚ, ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਐਨ.ਐਸ.ਐਸ. ਮੈਨੂਅਲ 2006 ਦੀ ਸਮੀਖਿਆ ਕਰਨ ਲਈ ਇੱਕ ਰਾਸ਼ਟਰੀ ਪੱਧਰ ਦੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੂੰ ਮੈਂਬਰ ਵਜੋਂ ਚੁਣਿਆ ਗਿਆ। ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਪੂਰੇ ਭਾਰਤ ਤੋਂ 16 ਮੈਂਬਰੀ ਟੀਮ ਦਾ ਹਿੱਸਾ ਬਣਨਾ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰੋ. ਸਤਪਾਲ ਸਿੰਘ ਚੰਡੀਗੜ੍ਹ ਡਾਇਰੈਕਟੋਰੇਟ ਅਧੀਨ ਆਉਂਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਮੇਤ ਇਕਲੌਤੇ ਪ੍ਰੋਫੈਸਰ ਹਨ ਜਿਨ੍ਹਾਂ ਨੂੰ ਇਸ ਕਮੇਟੀ ਵਿੱਚ ਚੁਣਿਆ ਗਿਆ ਹੈ। ਪ੍ਰੋਫੈਸਰ ਸਤਪਾਲ ਸਿੰਘ ਨੇ ਕਿਹਾ ਕਿ 2006 ਦੇ ਐਨ.ਐਸ.ਐਸ. ਮੈਨੂਅਲ ਨੂੰ ਆਧੁਨਿਕ ਜ਼ਰੂਰਤਾਂ ਅਨੁਸਾਰ ਅਪਡੇਟ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਉਸ ਭੂਮਿਕਾ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ ਜੋ ਉਨ੍ਹਾਂ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਇੱਕ ਮਹੀਨੇ ਦੇ ਅੰਦਰ ਮੰਤਰਾਲੇ ਨੂੰ ਆਪਣੀਆਂ ਸਿਫਾਰਸ਼ਾਂ ਸੌਂਪੇਗੀ। ਇਸ event ਦੌਰਾਨ, ਐਨ.ਐਸ.ਐਸ. ਦੇ ਮੁੱਖ ਪ੍ਰੋਗਰਾਮ ਅਫਸਰ ਨੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਖੇਤਰੀ ਡਾਇਰੈਕਟੋਰੇਟ ਚੰਡੀਗੜ੍ਹ, ਰਾਜ ਐਨ.ਐਸ.ਐਸ. ਸੈੱਲ ਪੰਜਾਬ, ਗਵਰਨਿੰਗ ਕੌਂਸਲ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਦਾ ਅਜਿਹੀ ਜ਼ਿੰਮੇਵਾਰੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਰਸ਼ਪਾਲ ਸਿੰਘ ਸੰਧੂ ਮੁਖੀ ਕਾਮਰਸ ਵਿਭਾਗ ਵੀ ਹਾਜਰ ਸਨ।
JiwanJotSavera