ਜਲੰਧਰ (ਅਰੋੜਾ) :- ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪ੍ਰੋ. ਨਵਦੀਪ ਕੌਰ ਮੁਖੀ ਇਕਨਾਮਿਕਸ ਵਿਭਾਗ ਨੇ ਕਾਰਜਕਾਰੀ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ। ਸਿੱਖਿਆ ਦੇ ਖੇਤਰ ਵਿਚ ਅਤੇ ਖਾਸ ਤੌਰ ਤੇ ਉੱਤਰੀ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਵਿਚ ਪ੍ਰੋ. ਨਵਦੀਪ ਕੌਰ ਦਾ ਇਕ ਜਾਣਿਆ ਪਹਿਚਾਣਿਆ ਨਾਂ ਹੈ। ਉਨ੍ਹਾਂ ਨੇ ਅਧਿਆਪਨ ਦੇ ਨਾਲ-ਨਾਲ ਹੋਰ ਵੀ ਮਹੱਤਵਪੂਰਨ ਐਡਮਨਿਸਟਰੇਸ਼ਨ ਅਹੁਦਿਆਂ ਉਪਰ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ ਹਨ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਵਾਈਸ ਪ੍ਰੈਜ਼ੀਡੈਂਟ ਸ. ਦੀਪਇੰਦਰ ਸਿੰਘ ਪੁਰੇਵਾਲ ਵਿਸ਼ੇਸ਼ ਤੌਰ 'ਤੇ ਪ੍ਰੋ. ਨਵਦੀਪ ਕੌਰ ਨੂੰ ਪ੍ਰਿੰਸੀਪਲ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਨਵਦੀਪ ਕੌਰ ਨੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਦਾ ਉਨ੍ਹਾਂ ਉਪਰ ਵਿਸ਼ਵਾਸ ਯਤਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਉੱਤਰੀ ਭਾਰਤ ਦੀ ਵੱਡੀ ਸੰਸਥਾ ਹੈ, ਤੇ ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਸਾਡਾ ਮੁਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਉਹ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਾਲਜ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਰਵਾਇਤੀ ਕੋਰਸਾਂ ਦੇ ਨਾਲ-ਨਾਲ ਨਵੇਂ ਕੋਰਸ ਵੀ ਲਿਆਂਦੇ ਜਾਣਗੇ ਅਤੇ ਵਿਦਿਆਰਥੀਆਂ ਨੂੰ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਵਿਦਿਆ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁੱਖੀ ਸਾਹਿਬਾਨ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਪ੍ਰੋ. ਨਵਦੀਪ ਕੌਰ ਨੂੰ ਕਾਰਜਕਾਰੀ ਪ੍ਰਿੰਸੀਪਲ ਬਣਨ 'ਤੇ ਵਧਾਈਆਂ ਦਿੱਤੀਆਂ।