ਮੋਗਾ (ਵਿਮਲ) :- ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲੀਅਤ ਲਈ ‘ਬੁੱਕ ਏ ਕਾਲ ਵਿੱਦ ਬੀ.ਐਲ.ਓ’ ਮੋਡਿਊਲ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਕੋਈ ਵੀ ਵੋਟਰ ਆਪਣੇ ਬੂਥ ਦੇ ਬੀ.ਐਲ.ਓ ਨੂੰ ਕਾਲ ਕਰਕੇ ਵੋਟਰ ਸੂਚੀ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਵੋਟਰ ਹੈਲਪਲਾਈਨ ਐਪ ਜਾਂ https://voters.eci.gov.in ਪੋਰਟਲ ਰਾਹੀਂ ਇਸ ਸਹੂਲੀਅਤ ਦਾ ਲਾਭ ਉਠਾਇਆ ਜਾ ਸਕਦਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ- ਕਮ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਵੋਟਰ ਹੈਲਪਲਾਈਨ ਐਪ ਜਾਂ https://voters.eci.gov.in ਪੋਰਟਲ ਉਪਰ “ਬੁੱਕ ਏ ਕਾਲ ਵਿੱਦ ਬੀ.ਐਲ.ਓ” ਆਪਸ਼ਨ ਤੇ ਕਲਿੱਕ ਕਰਨ ਉਪਰੰਤ ਵੋਟਰ ਵੱਲੋਂ ਵੋਟਰ ਸੂਚੀ ਵਿੱਚ ਰਜਿਸਟਰਡ ਮੋਬਾਇਲ ਨੰਬਰ ਜਾਂ ਆਪਣੇ ਵੋਟਰ ਕਾਰਡ ਦਾ ਨੰਬਰ ਭਰਿਆ ਜਾਵੇਗਾ, ਜਿਸ ਉਪਰੰਤ ਵੋਟਰ ਦੇ ਮੋਬਾਇਲ ਨੰਬਰ ਤੇ ਓ.ਟੀ.ਪੀ ਪ੍ਰਾਪਤ ਹੋਵੇਗਾ, ਜਿਸਨੂੰ ਭਰਨ ਉਪਰੰਤ ਵੋਟਰ ਦੀ ‘ਕਾਲ ਬੇਨਤੀ’ ਸਬੰਧਤ ਬੀ.ਐਲ.ਓ ਨੂੰ ਚਲੀ ਜਾਵੇਗੀ। ਇਸ ਤੋਂ ਬਾਅਦ ਬੀ.ਐਲ.ਓ ਵੱਲੋਂ ਜਲਦ ਤੋਂ ਜਲਦ ਵੋਟਰ ਨਾਲ ਉਸਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾਵੇਗਾ। ਉਹਨਾਂ ਜਿਲ੍ਹਾ ਮੋਗਾ ਦੇ ਹਰੇਕ ਵੋਟਰ ਨੂੰ ਅਪੀਲ ਕੀਤੀ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਇਸ ਸਹੂਲੀਅਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
