ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪਰਾਲੀ ਨੂੰ ਨਾ ਸਾੜਨ ਲਈ ਜਾਗਰੂਕਤਾ ਮੁਹਿੰਮ ਨੂੰ ਪੂਰੇ ਜੋਰਾਂ ਨਾਲ ਚਲਾਇਆ ਜਾ ਰਿਹਾ ਹੈ। ਪਿੰਡ ਪੱਧਰ ਤੇ ਕੈਂਪਾਂ ਰਾਹੀਂ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਵਾਤਾਵਰਨ ਪੱਖੀ ਖੇਤੀਬਾੜੀ ਮਸ਼ੀਨਰੀ ਨੂੰ ਵਰਤਣ ਲਈ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤਾ ਗਿਆ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਕੀਤਾ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸੂਚਨਾ ਮਿਲਣ ਤੇ ਲਾਈਨ ਵਿਭਾਗਾਂ ਅਤੇ ਆਮ ਲੋਕਾਂ ਨਾਲ ਸਹੀ ਤਾਲਮੇਲ ਲਈ ਇਹ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ ਬੀ-106, ਪਹਿਲੀ ਮੰਜ਼ਿਲ, ਡੀ.ਆਰ.ਏ. ਸ਼ਾਖਾ ਵਿਖੇ ਬਣਾਇਆ ਗਿਆ ਹੈ। ਕੰਟਰੋਲ ਰੂਮ ਦਾ ਨੰਬਰ 01636-235206 ਹੈ ਜਿਹੜਾ ਕਿ ਹਫਤੇ ਦੇ ਸਾਰੇ ਦਿਨ 24 ਘੰਟੇ ਕਾਰਜਸ਼ੀਲ ਰਹੇਗਾ। ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਕੰਟਰੋਲ ਰੂਮ ਨੰਬਰ ਤੇ ਸੂਚਿਤ ਕੀਤਾ ਜਾ ਸਕਦਾ ਹੈ।
