ਮੋਗਾ (ਵਿਮਲ) :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 (ਜਾਬਤਾ ਫੌਜਦਾਰੀ ਸੰਘਤਾ-1973 ਦੀ ਧਾਰਾ-144) ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹਏ ਜ਼ਿਲ੍ਹਾ ਮੋਗਾ ਵਿੱਚ ਸਥਿਤ ਸਾਰੇ ਮੈਰਿਜ ਪੈਲਸਾਂ ਦੇ ਮਾਲਕ ਕਿਸੇ ਵੀ ਫੰਕਸ਼ਨ ਸਮੇਂ ਵਾਹਨਾਂ ਦੀ ਪਾਰਕਿੰਗ ਆਪਣੇ ਮੈਰਿਜ ਪੈਲਸਾਂ ਦੀ ਚਾਰ ਦਿਵਾਰੀ ਅੰਦਰ ਹੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੈਰਿਜ ਪੈਲਸਾਂ ਦੇ ਮਾਲਕ ਅਤੇ ਮੈਰਿਜ ਪੈਲਸਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਾਗਰ ਸੇਤੀਆ ਨੇ ਦੱਸਿਆ ਕਿ ਮੈਰਿਜ ਪੈਲਸਾਂ ਦੇ ਮਾਲਕਾਂ ਵੱਲੋਂ ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਸਰਕਾਰ ਦੀ ਪ੍ਰਾਪਰਟੀ ਜਿਸਦੀ ਕਿਸੇ ਸੜਕ ਲਈ ਨਿਸ਼ਾਨਦੇਹੀ ਕੀਤੀ ਗਈ ਹੈ ਉਸਨੂੰ ਵੀ ਵਾਹਨਾਂ ਦੀ ਪਾਰਕਿੰਗ ਲਈ ਨਾ ਵਰਤਿਆ ਜਾਵੇ। ਉਹਨਾਂ ਕਿਹਾ ਕਿ ਇਹ ਵਾਹਨ ਮੈਰਿਜ ਪੈਲਿਸਾਂ ਦੀ ਚਾਰ ਦਿਵਾਰੀ ਤੋਂ ਬਾਹਰ ਪਾਰਕਿੰਗ ਕਰਨ ਨਾਲ ਜਿੱਥੇ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ ਉੱਥੇ ਟ੍ਰੈਫਿਕ ਲਈ ਵੀ ਬਹੁਤ ਸਮੱਸਿਆ ਪੈਦਾ ਹੁੰਦੀ ਹੈ। ਇਹ ਹੁਕਮ 31 ਅਕਤੂਬਰ 2025 ਤੱਕ ਲਾਗੂ ਰਹਿਣਗੇ।
