ਕਿਹਾ! ਪੰਜਾਬ ਸਰਕਾਰ ਹਰ ਮੁਸ਼ਕਿਲ ਵਿੱਚ ਰਾਜ ਦੇ ਪ੍ਰਭਾਵਿਤ ਲੋਕਾਂ ਦੇ ਨਾਲ
ਮੋਗਾ (ਵਿਮਲ) :- ਪੰਜਾਬ ਸਰਕਾਰ ਹੜ ਪੀੜਤ ਇਲਾਕਿਆਂ ਵਿੱਚ ਵਿਆਪਕ ਪੱਧਰ ਤੇ ਰਾਹਤ ਤੇ ਬਚਾਓ ਦਾ ਕੰਮ ਕਰ ਰਹੀ ਹੈ, ਜਿਸ ਵਿੱਚ ਸਮੁੱਚੇ ਪੰਜਾਬ ਵਾਸੀ ਸਹਿਯੋਗ ਦੇ ਰਹੇ ਹਨ। ਇਸ ਆਫਤ ਦੀ ਘੜੀ ਵਿੱਚ ਸਾਰੇ ਪੰਜਾਬੀਆਂ ਨੂੰ ਇੱਕਜੁਟ ਹੋ ਕੇ ਇਹਨਾਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਮੋਗਾ ਤੋਂ ਫਿਰੋਜਪੁਰ ਦੇ ਹੜ ਪ੍ਰਭਾਵਿਤ ਇਲਾਕਿਆਂ ਲਈ ਚਾਵਲ, ਰਾਸ਼ਨ ਕਿੱਟਾਂ, ਬੱਚਿਆਂ ਤੇ ਔਰਤਾਂ ਲਈ ਲੋੜੀਂਦੀ ਜਰੂਰੀ ਰਾਹਤ ਸਮੱਗਰੀ ਭੇਜਣ ਮੌਕੇ ਕੀਤਾ। ਉਨ੍ਹਾਂ ਨੇ ਰਾਹਤ ਸਮੱਗਰੀ ਨੂੰ ਰਵਾਨਾ ਕਰਨ ਉਪਰੰਤ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਆਫਤ ਦੀ ਘੜ੍ਹੀ ਵਿੱਚ ਹਰ ਸਮੇਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਹਨ। ਸਮਾਜ ਸੇਵੀ ਸੰਗਠਨਾਂ ਵੱਲੋਂ ਵੀ ਇਸ ਵਿਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਅਸੀ ਨਿਰੰਤਰ ਰਾਹਤ ਸਮੱਗਰੀ ਭੇਜ ਰਹੇ ਹਾਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਨੂੰ ਰਾਸ਼ਨ, ਤਰਪਾਲਾਂ, ਪਸ਼ੂਆਂ ਲਈ ਚਾਰਾ, ਡਾਕਟਰੀ ਸਹਾਇਤਾ ਅਤੇ ਹੋਰ ਲੋੜੀਂਦੀਆ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਗਿਰਦਾਵਰੀ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਮੁਸ਼ਕਿਲ ਵਿੱਚ ਰਾਜ ਦੇ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਸਮੇਂ ਹਰ ਕਿਸੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਲੋੜਵੰਦ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਮਨੁੱਖਤਾ ਨਿਭਾਉਣ ਦਾ ਹੈ। ਜਦੋਂ ਲੋਕ ਮੁਸ਼ਕਲ ਵਿੱਚ ਹਨ, ਤਾਂ ਸਾਡਾ ਫ਼ਰਜ਼ ਹੈ ਕਿ ਉਨ੍ਹਾਂ ਦੇ ਨਾਲ ਖੜ੍ਹ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰੀਏ।