ਪ੍ਰਸ਼ਾਸਨ ਵੱਲੋਂ ਰਾਹਤ ਕੈਂਪਾਂ ਚ ਆਏ ਲੋਕਾਂ ਅਤੇ ਪਸ਼ੂਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਰਾਹਤ ਸਮੱਗਰੀ
ਮੋਗਾ (ਵਿਮਲ) :- ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਐਸ.ਐਸ.ਪੀ. ਅਜੈ ਗਾਂਧੀ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਰੇਹੜਵਾਂ, ਸੈਦ ਜਲਾਲਪੁਰ, ਸ਼ੇਰਪੁਰ ਤਾਇਬਾਂ, ਸ਼ੇਰੇਵਾਲਾ, ਮੰਦਰ ਕਲਾਂ, ਰਾਊਵਾਲਾ, ਸੰਘੇੜਾ ਆਦਿ ਵਿਖੇ ਪਾਣੀ ਦੀ ਸਥਿਤੀ ਦਾ ਜਾਇਜਾ ਲਿਆ ਅਤੇ ਕਿਸ਼ਤੀ ਵਿੱਚ ਸਵਾਰ ਹੋ ਕੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੁਰੱਖਿਅਤ ਥਾਵਾਂ ਤੇ ਬਣਾਏ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ ਕੀਤੀ। ਉਹਨਾਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।


ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਰਾਹਤ ਕੇਂਦਰ ਰਾਊਵਾਲਾ, ਮੰਦਰ ਕਲਾਂ, ਖੰਬਾ, ਅੰਮੀਵਾਲਾ, ਢੋਲੇਵਾਲਾ, ਭੈਣੀ, ਰੇਹੜਵਾਂ, ਕਿਸ਼ਨਪੁਰਾ ਕਲਾਂ, ਫਤਹਿਗੜ੍ਹ ਪੰਜਤੂਰ ਬਣਾਏ ਗਏ ਹਨ, ਇਸ ਲਈ ਲੋਕ ਸੁਰੱਖਿਅਤ ਥਾਂ ਤੇ ਆਉਣ ਨੂੰ ਤਰਜੀਹ ਦੇਣ। ਇਹਨਾਂ ਰਾਹਤ ਕੈਂਪਾਂ ਵਿੱਚ ਪਾਣ ਪੀਣ ਵਾਲੀਆਂ ਵਸਤੂਆਂ ਤੋਂ ਲੈ ਕੇ ਹਰੇਕ ਲੜੀਂਦੀ ਰਾਹਤ ਸਮੱਗਰੀ ਮਿਲਣ ਤੇ ਲੋਕਾਂ ਵੱਲੋਂ ਸੰਤੁਸ਼ਟੀ ਜਾਹਰ ਕੀਤੀ ਗਈ। ਵਿਭਾਗ ਦੀਆਂ ਟੀਮਾਂ ਪਹਿਲਾਂ ਹੀ ਬੰਨ ਨੂੰ ਲਗਾਤਾਰ ਮਜਬੂਤ ਕਰਨ ਲਈ ਕੰਮ ਕਰ ਰਹੀਆਂ ਹਨ।ਉਹਨਾਂ ਦੱਸਿਆ ਕਿ ਰਾਊਵਾਲਾ, ਮੰਦਰ ਕਲਾਂ, ਅੰਮੀਵਾਲਾ ਦੇ ਰਾਹਤ ਕੈਂਪਾਂ ਵਿੱਚ 150 ਤੋਂ ਵਧੇਰੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਟੀਮਾਂ ਵੱਲੋਂ ਪਹੁੰਚਾਇਆ ਗਿਆ ਹੈ, ਜਿੰਨ੍ਹਾਂ ਦੀ ਪ੍ਰਸ਼ਾਸਨ ਵੱਲੋਂ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਦੀ ਕੋਈ ਘਾਟ ਨਹੀਂ ਹੈ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਹਰ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮਦਦ ਜਾਂ ਜਾਣਕਾਰੀ ਲਈ ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਦੇ ਨੰਬਰ 01636-235206 ਤੇ ਸੰਪਰਕ ਕੀਤਾ ਜਾ ਸਕਦਾ ਹੈ।