ਕਿਹਾ! ਨੌਜਵਾਨਾਂ ਦੇ ਰੋਜ਼ਗਾਰ ਲਈ ਸਹਾਈ ਹੋਣਗੀਆਂ ਕਿੱਟਾਂ
ਡੀ.ਸੀ. ਸਾਗਰ ਸੇਤੀਆ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਤਮ ਨਿਰਭਰ ਬਣਨ ਲਈ ਪ੍ਰੇਰਿਆ
ਮੋਗਾ (ਵਿਮਲ) :- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਅੱਵਲ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਨਸ਼ਾ ਛੱਡ ਰਹੇ ਨੌਜਾਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਹੁਨਰਮੰਦ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਨਸ਼ਾ ਛੱਡ ਕੇ ਆਪਣੀ ਆਤਮ ਨਿਰਭਰਤਾ ਵਾਲੀ ਜਿੰਦਗੀ ਜਿਉਣ। ਇਸਦੀ ਲਗਾਤਾਰਤਾ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਨਸ਼ਾ ਛੁਡਾਊ ਕੇਂਦਰ ਜਨੇਰ ਮੋਗਾ ਵਿੱਚ ਨਸ਼ਾ ਛੱਡ ਚੁੱਕੇ 56 ਨੌਜਵਾਨਾਂ ਨੂੰ ਅਸਿਸਟੈਂਟ ਇਲੈਟ੍ਰੀਸ਼ੀਅਨ ਦੀ ਟ੍ਰੇਨਿੰਗ ਮੁਫਤ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਇਸ ਕਿੱਤਾਮੁਖੀ ਸਿਖਲਾਈ ਕੋਰਸ ਨੂੰ ਸਫਲਤਾਪੂਰਵਕ ਕਰਨ ਵਾਲੇ ਨੌਜਵਾਨਾਂ ਨੂੰ ਇਲੈਕਟ੍ਰੀਕਲ ਕਿੱਟਾਂ ਦੀ ਵੰਡ ਕੀਤੀ। ਉਹਨਾਂ ਕਿਹਾ ਕਿ ਇਹ ਕਿੱਟਾਂ ਨੌਜਵਾਨਾਂ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ ਸਹਾਈ ਹੋਣਗੀਆਂ। ਡਿਪਟੀ ਕਮਿਸ਼ਨਰ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਕਿੱਟਾਂ ਵੰਡਣ ਮੌਕੇ ਕਿਹਾ ਕਿ ਹੁਣ ਉਹ ਆਪਣੇ ਕਿੱਤੇ ਵਿੱਚ ਮਨ ਲਗਾ ਕੇ ਮਿਹਨਤ ਕਰਨ ਅਤੇ ਮੁੜ ਤੋਂ ਨਸ਼ਿਆਂ ਦੀ ਦਲਦਲ ਵਿੱਚ ਨਾ ਫਸਣ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਹੋਰ ਵੀ ਕਿਸੇ ਸਹਾਇਤਾ ਦੀ ਲੋੜ ਹੈ ਤਾਂ ਉਹ ਬੇਝਿਜਕ ਪ੍ਰਸ਼ਾਸ਼ਨ ਨਾਲ ਗੱਲ ਕਰਨ। ਉਹਨਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸਖਤ ਲੋੜ ਹੈ ਅਤੇ ਪ੍ਰਸ਼ਾਸ਼ਨ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਕੰਮ ਜਾਰੀ ਰੱਖੇਗਾ। ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲਾ ਮਿਸ਼ਨ ਮੈਨੇਜਮੈਂਟ ਯੂਨਿਟ ਮੋਗਾ ਵਲੋਂ ਨਸ਼ਾ ਛਡਾਉ ਅਤੇ ਮੁੜ ਵਸੇਬਾ ਕੇਂਦਰ ਜਨੇਰ ਵਿਖੇ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਕਾਉਂਸਲਿੰਗ ਅਤੇ ਹੁਨਰ ਸਿਖਲਾਈ ਨਾਲ ਜੋੜਿਆ ਜਾ ਰਿਹਾ ਹੈ। ਟ੍ਰੇਨਿੰਗ ਦੇ ਨਾਲ ਨਾਲ ਟੀਮ ਵੱਲੋਂ ਨੌਜਵਾਨਾਂ ਨੂੰ ਸ਼ਖ਼ਸੀਅਤ ਵਿਕਾਸ ਅਤੇ ਬੇਹਤਰ ਭਵਿੱਖ ਰੋਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸ਼ਨ ਨੇ ਇਸ ਤੋਂ ਪਹਿਲਾਂ ਵੀ ਜਨੇਰ ਸੈਂਟਰ ਵਿੱਚ ਬੇਕਰੀ ਟ੍ਰੇਨਿੰਗ ਨੌਜਵਾਨਾਂ ਨੂੰ ਮੁਹੱਈਆ ਕਰਵਾ ਕੇ ਫੂਡ ਸਟਾਲ ਰਾਹੀਂ ਆਮਦਨ ਪੈਦਾ ਕਰਨ ਲਈ ਪ੍ਰੇਰਿਆ ਸੀ। ਇਹਨਾਂ ਵਿਸ਼ੇਸ਼ ਕਾਰਜਾਂ ਵਿੱਚ ਡੀ.ਪੀ.ਐਮ.ਯੂ. ਮੋਗਾ ਤੇ ਸੈਪਿਗ ਕੈਰੀਅਰ ਐਜੂਕੇਸ਼ਨ ਸੋਸਾਇਟੀ ਦਾ ਵੀ ਯੋਗਦਾਨ ਰਿਹਾ।