ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸੈਂਟਰ ਰਾਊਵਾਲਾ ਵਿਖੇ ਆਉਣ ਦੀ ਅਪੀਲ ਕਿਹਾ ! ਪ੍ਰਸ਼ਾਸ਼ਨ ਲੈ ਰਿਹਾ ਪਲ ਪਲ ਦੀ ਖਬਰ, ਲੋਕ ਪ੍ਰਸ਼ਾਸ਼ਨ ਦਾ ਸਾਥ ਦੇਣ
ਮੋਗਾ (ਵਿਮਲ) :- ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਅੱਜ ਧਰਮਕੋਟ ਦੇ ਸਤਲੁਜ ਦਰਿਆ ਨਜਦੀਕ ਪੈਂਦੇ ਇਲਾਕਿਆਂ ਵਿੱਚ ਵਿਸ਼ੇਸ਼ ਦੌਰਾ ਕਰਕੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਦਾ ਹਾਲ-ਚਾਲ ਜਾਣਿਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਹਰੇਕ ਨਾਜੁਕ ਸਥਿਤੀ ਵਿੱਚ ਲੋਕਾਂ ਦੇ ਨਾਲ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਰਾਊਵਾਲਾ ਰਾਹਤ ਕੈਂਪ, ਪਿੰਡ ਸੰਘੇੜਾ ਵਿਖੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਐਸ.ਡੀ.ਐਮ. ਧਰਮਕੋਟ ਸ਼੍ਰੀ ਹਿਤੇਸ਼ਵੀਰ ਗੁਪਤਾ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਹਰੇਕ ਪੱਖ ਤੋਂ ਮੱਦਦ ਕੀਤੀ ਜਾ ਰਹੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਾਲਾਤ ਸਥਿਰ ਨਹੀਂ ਹੋ ਜਾਂਦੇ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਰਾਊਵਾਲਾ ਰਾਹਤ ਕੈਂਪ ਵਿੱਚ ਆਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਰਾਹਤ ਕੈਂਪ ਵਿੱਚ ਲੋਕਾਂ ਲਈ ਹਰੇਕ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਇੱਥੇ ਰਹਿਣ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਨਾਲ ਨਜਿੱਠਣ ਲਈ ਪ੍ਰਭਾਵਿਤ ਪਿੰਡਾਂ ਦੇ ਲੋਕ ਪ੍ਰਸ਼ਾਸ਼ਨ ਦਾ ਸਾਥ ਦੇਣ ਕਿਉਂਕਿ ਉਹਨਾਂ ਦੀ ਭਲਾਈ ਲਈ ਹੀ ਰਾਹਤ ਸੈਂਟਰ ਬਣਾਇਆ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਧੁੱਸੀ ਬੰਨ੍ਹ ਨੂੰ ਪਹਿਲਾਂ ਤੋਂ ਮਜਬੂਤੀ ਦਿੱਤੀ ਗਈ ਸੀ ਤਾਂ ਕਿ ਪਾਣੀ ਨਾਲ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਿਆ ਸਤਲੁਜ ਨਾਲ ਲੱਗਦੇ ਖੇਤਰਾਂ ਵਿੱਚ ਹਾਲਾਤਾਂ ’ਤੇ 24 ਘੰਟੇ ਚੌਕਸੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਕਿਸੇ ਵੀ ਅਣ-ਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ਨਾਲ ਸੰਪਰਕ ਕਰਨ ਲਈ ਨੰਬਰ 01636-235206 ਜਾਰੀ ਕੀਤਾ ਗਿਆ ਹੈ।