ਮੋਗਾ (ਵਿਮਲ) :- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕਾਸੋ) ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਆਪਰੇਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਲਾਏ ਜਾ ਰਹੇ ਹਨ। ਇਸ ਮੁਹਿੰਮ ਤਹਿਤ ਅੱਜ ਐਸ.ਐਸ.ਪੀ. ਮੋਗਾ ਅਜੈ ਗਾਂਧੀ ਦੀ ਯੋਗ ਅਗਵਾਈ ਵਿਚ ਮੁੱਖ ਅਫ਼ਸਰ ਥਾਣਾ ਅਜੀਤਵਾਲ ਵੱਲੋਂ ਪੁਲਿਸ ਫੋਰਸ ਨਾਲ ਅਜੀਤਵਾਲ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਸਥਾਨਾਂ ਉੱਪ ਸਰਚ ਅਪ੍ਰੇਸ਼ਨ ਚਲਾਇਆ ਗਿਆ।

ਇਸ ਅਪ੍ਰੇਸ਼ਨ ਦੌਰਾਨ 50 ਪੁਲਿਸ ਕਰਮਚਾਰੀਆਂ ਵੱਲੋਂ ਅਜੀਤਵਾਲ, ਚੂਹੜਚੱਕ, ਢੁੱਡੀਕੇ, ਮੱਦੋਕੇ ਪਿੰਡਾਂ ਵਿੱਚ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਕਰੀਬ 20 ਸ਼ੱਕੀ ਘਰਾਂ ਦੀ ਸਰਚ ਕਰਕੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਐਸ.ਐਸ.ਪੀ. ਮੋਗਾ ਅਜੈ ਗਾਂਧੀ ਨੇ ਦੱਸਿਠਆ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਆਮ ਲੋਕ ਵੀ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਲੋਕ ਇਸ ਭੈੜੀ ਕੁਰੀਤੀ ਨੂੰ ਖਤਮ ਕਰਨ ਲਈ ਪੁਲਿਸ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਲਈ ਤਿਆਰ ਹਨ। ਉਹਨਾਂ ਕਿਹਾ ਕਿ ਆਮ ਲੋਕ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਆਦਿ ਸਬੰਧੀ ਜਾਣਕਾਰੀ ਹੈ ਤਾਂ ਸੇਫ ਪੰਜਾਬ ਹੈਲਪ ਲਾਈਨ ਨੰਬਰ 97791-00200 ਉੱਪਰ ਸੂਚਿਤ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਮੋਗਾ ਪੁਲਿਸ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭੱਵਿਖ ਵਿੱਚ ਵੀ ਮਾੜੇ ਅਨਸਰਾਂ ਖਿਲ਼ਾਫ ਇਸ ਤਰ੍ਹਾਂ ਦੀਆ ਕਾਰਵਾਈਆਂ ਜਾਰੀ ਰਹਿਣਗੀਆ।