ਪ੍ਰੋਗਰਾਮ ਅਧੀਨ ਪ੍ਰਾਪਤ ਜ਼ਿਲ੍ਹੇ ਦੇ 4 ਇੰਡੀਕੇਟਰਾਂ ਦਾ ਸੌ ਫੀਸਦੀ ਟੀਚਾ ਮੁਕੰਮਲ
ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਦੇ ਸੰਪੂਰਨਤਾ ਅਭਿਆਨ ਤਹਿਤ ਸਨਮਾਨ ਸਮਾਰੋਹ ਦਾ ਆਯੋਜਨ
ਮੋਗਾ (ਕਮਲ) :- ਜ਼ਿਲ੍ਹਾ ਮੋਗਾ ਐਸਪੀਰੇਸ਼ਨਲ ਡਿਸਟ੍ਰਿਕਟ ਤੇ ਬਲਾਕ ਪ੍ਰੋਗਰਾਮ ਅਧੀਨ ਸਾਲ-2024 ਵਿੱਚ ਮਹੀਨਾ ਜੁਲਾਈ ਤੋਂ ਸਤੰਬਰ-2024 ਤੱਕ ਨੀਤੀ ਆਯੋਗ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰ ਤੇ 6 ਵਿੱਚੋਂ 4 ਇੰਡੀਕੇਟਰਾਂ ਵਿੱਚ ਸੌ ਫੀਸਦੀ ਟੀਚਾ ਪੂਰਾ ਕਰਨ ਤੇ ਨੀਤੀ ਆਯੋਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਮੋਗਾ ਵਿੱਚ ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਫੀ ਮਿਹਨਤ ਅਤੇ ਲਗਨ ਨਾਲ ਅਸੀਂ 4 ਇੰਡੀਕੇਟਰਾਂ ਦੇ ਟੀਚੇ ਨੂੰ ਸਤ ਫੀਸਦੀ ਪੂਰਾ ਕਰਨ ਵਿੱਚ ਸਫਲ ਹੋਏ ਹਾਂ, ਇਸ ਕਾਰਜ ਵਿੱਚ ਜੁੜੀ ਸਮੁੱਚੀ ਟੀਮ ਦੀ ਮਿਹਨਤ ਨਾਲ ਮੋਗਾ ਜ਼ਿਲ੍ਹਾ ਹੁਣ ਐਸਪੀਰੇਸ਼ਨਲ ਤੋਂ ਇੰਸਪੀਰੇਸ਼ਨਲ ਜ਼ਿਲ੍ਹਾ ਬਣਨ ਵੱਲ ਵਧ ਰਿਹਾ ਹੈ। ਉਹਨਾਂ ਕਿਹਾ ਕਿ ਟੀਮ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਕੇ ਹਰੇਕ ਇੰਡੀਕੇਟਰ ਦੇ ਟੀਚੇ ਨੂੰ ਮੁਕੰਮਲ ਕਰਨ ਲਈ ਸਖਤ ਮਿਹਨਤ ਜਾਰੀ ਰੱਖੇ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਲਈ ਮਾਨ ਵਾਲੀ ਗੱਲ ਹੈ ਕਿ ਮਹੱਤਵਪੂਰਨ ਇੰਡੀਕੇਟਰਜ ਵਿੱਚ ਮੋਗਾ ਜ਼ਿਲ੍ਹਾ ਮੋਹਰੀ ਹੈ।



ਉਹਨਾਂ ਅਭਿਆਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਹਿਯੋਗ ਦੇਣ ਵਾਲੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਲ 2018 ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਅਧੀਨ ਦੇਸ਼ ਭਰ ਵਿੱਚ ਕੁੱਲ 112 ਜ਼ਿਲ੍ਹਿਆਂ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਘੋਸ਼ਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈਲਥ ਤੇ ਨਿਊਟਰੀਸ਼ਨ, ਸਿੱਖਿਆ, ਖੇਤੀਬਾੜੀ ਅਤੇ ਵਾਟਰ ਰਿਸੋਰਸਸ , ਵਿੱਤੀ ਸਮਾਵੇਸ਼ ਤੇ ਹੁਨਰ ਵਿਕਾਸ ਅਤੇ ਬੁਨਿਆਦੀ ਢਾਂਚਾ ਖੇਤਰਾਂ ਵਿੱਚ ਵਿਕਾਸ ਕਰਨਾ ਹੈ। ਪੰਜਾਬ ਸੂਬੇ ਵਿੱਚ ਜ਼ਿਲ੍ਹਾ ਮੋਗਾ ਅਤੇ ਫਿਰੋਜ਼ਪੁਰ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਇਸ ਵਿਕਾਸ ਦੀ ਰਾਹ ਤੇ ਚੱਲਦੇ ਹੋਏ ਜ਼ਿਲ੍ਹਾ ਮੋਗਾ ਨੂੰ ਹੁਣ ਤੱਕ ਪ੍ਰੋਗਰਾਮ ਅਧੀਨ 14 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜੋ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਵਿੱਚ ਖ਼ਰਚ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਅਤੇ ਬਲਾਕ ਪ੍ਰੋਗਰਾਮ ਅਧੀਨ ਤਹਿਸੀਲ ਕੰਪਲੈਕਸ ਵਿਖੇ 11 ਅਗਸਤ ਤੋਂ 14 ਅਗਸਤ ਤੱਕ ਅਕਾਂਕਸ਼ਾ ਹਾਟ ਤਹਿਤ ਇੱਕ ਪ੍ਰਦਰਸ਼ਨੀ ਲਗਾਈ ਗਈ, ਜਿੱਥੇ ਸਥਾਨਕ ਸਵੈ–ਸਹਾਇਤਾ ਸਮੂਹ ਗਰੁੱਪਾਂ ਅਤੇ ਛੋਟੇ ਵਿਕਰੇਤਾਵਾਂ ਵੱਲੋਂ ਆਪਣੀਆਂ ਸਭ ਤੋਂ ਵਧੀਆ ਰਚਨਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਨੂੰ ਕੰਪਲੈਕਸ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਆਮ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ।