ਮੋਗਾ (ਵਿਮਲ) :- ਮਿਸ ਨਵਜੋਤ ਕੌਰ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਿਸ਼ਨ ਸਰੂਪ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਜੀ ਵੱਲੋਂ ਸਖੀ ਵਨ ਸਟਾਪ ਸੈਂਟਰ ਸਕੀਮ ਦੇ ਤਹਿਤ ਸਖੀ ਸੈਂਟਰ ਮੋਗਾ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਮਿਸ ਮਨਦੀਪ ਕੌਰ ਪੈਨਲ ਐਡਵੋਕੇਟ ਵੀ ਮੌਜੂਦ ਸਨ। ਮਿਸ ਕਿਰਨ ਜਯੋਤੀ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਇਸ ਸਕੀਮ/ਮੁਹਿੰਮ ਦਾ ਮਕਸਦ ਔਰਤਾਂ ਨੂੰ ਸਖੀ ਸੈਂਟਰ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਮੁਫਤ ਕਾਨੂੰਨੀ ਸਹਾਇਤਾ ਅਤੇ ਕਾਨੂੰਨੀ ਸਲਾਹ, ਰਹਿਣ ਲਈ ਸੁਰੱਖਿਅਤ ਜਗ੍ਹਾ (ਵੱਧ ਤੋਂ ਵੱਧ 05 ਦਿਨਾਂ ਲਈ), ਪੁਲਿਸ ਸਹਾਇਤਾ, ਮਨੋਵਿਗਿਆਨਕ ਸੇਵਾਵਾਂ (ਕਾਊਂਸਲਿੰਗ), ਡਾਕਟਰੀ ਸਹਾਇਤਾ, ਔਖੇ ਸਮੇਂ ਵਿੱਚ ਸਹਾਇਤਾ ਅਤੇ ਬਚਾਓ ਸੇਵਾਵਾਂ, ਇਹ ਸਾਰੀਆਂ ਸਹੂਲਤਾਂ ਪੀੜਤ ਮਹਿਲਾ ਨੂੰ ਸਿਰਫ ਇਕੋ ਜਗ੍ਹਾ ਤੇ ਮਿਲ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਹਿਲਾ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਉਸ ਨੂੰ ਕਿਸੇ ਵੀ ਸਮੇਂ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਸਖੀ ਸੈਂਟਰ ਵਿੱਚ ਆਰਜੀ ਤੌਰ ਤੇ ਆਪਣਾ ਵਸੇਬਾ ਕਰ ਸਕਦੀ ਹੈ। ਉਨ੍ਹਾਂ ਸਖੀ ਸੈਂਟਰ ਬਾਰੇ ਘਰ ਘਰ ਵਿੱਚ ਜਾਗਰੂਕਤਾ ਫੈਲਾਉਣ ਦਾ ਵੀ ਸੰਦੇਸ਼ ਦਿੱਤਾ। ਉਨ੍ਹਾਂ ਟੋਲ ਫਰੀ ਨੰਬਰ 15100 ਬਾਰੇ ਵੀ ਜਾਣਕਾਰੀ ਦਿੱਤੀ।
