*ਐਨ.ਐਚ.ਏ.ਆਈ. ਤੇ ਸਿੰਚਾਈ ਵਿਭਾਗ ਤੋਂ ਪ੍ਰਵਾਨਿਤ ਡਰਾਇੰਗਾਂ ਮੁਤਾਬਕ ਪੁਲਾ ਦਾ ਕੀਤਾ ਜਾ ਰਿਹੈ ਨਿਰਮਾਣ-ਡਿਪਟੀ ਕਮਿਸ਼ਨਰ *ਪੁਲਾਂ ਦੇ ਢਾਂਚੇ ਦੀ ਉਚਾਈ ਬੱਸਾਂ, ਟਰੈਕਟਰਾਂ ਹੋਰ ਵੱਡੇ ਵਾਹਨਾਂ ਨੂੰ ਧਿਆਨ ‘ਚ ਰੱਖ ਕੇ ਕੀਤੀ ਜਾਵੇਗੀ
ਮੋਗਾ (ਵਿਮਲ) :- ਮੋਗਾ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਨਵੀਆਂ ਸੜਕਾਂ ਅਤੇ ਪੁਲ ਸਿੰਚਾਈ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਦਿਸ਼ਾ ਨਿਰਦੇਸਾਂ ਅਤੇ ਪ੍ਰਵਾਨਿਤ ਡਰਾਇੰਗਾਂ ਅਨੁਸਾਰ ਹੀ ਬਣਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਪੁਲਾਂ ਦੇ ਢਾਂਚੇ ਦੀ ਉਚਾਈ ਬੱਸਾਂ, ਟਰੈਕਟਰਾਂ ਹੋਰ ਵੱਡੇ ਵਾਹਨਾਂ ਨੂੰ ਧਿਆਨ ‘ਚ ਰੱਖ ਕੀਤੀ ਜਾ ਰਹੀ ਹੈ, ਲੋਕਾਂ ਵੱਲੋਂ ਇਸ ਗੱਲ ਦੀ ਚਿੰਤਾ ਨਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਬੀਤੀ 22 ਜੁਲਾਈ ਨੂੰ, ਮੋਗਾ ਜ਼ਿਲ੍ਹੇ ਵਿੱਚ 6 ਘੰਟਿਆਂ ਦੌਰਾਨ ਲਗਭਗ 150 ਸੈਂਟੀਮੀਟਰ ਮੀਂਹ ਪਿਆ, ਜਿਸ ਕਾਰਨ ਮੋਗਾ ਡਰੇਨ ਅਤੇ ਬੁੱਟਰ ਡਰੇਨ ਦੇ ਨੇੜੇ ਦੇ ਪਿੰਡਾਂ ਵਿੱਚ ਪਾਣੀ ਜ਼ਿਆਦਾ ਖੜ੍ਹ ਗਿਆ ਸੀ ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਐਨ.ਐਚ.ਏ.ਆਈ. ਨੂੰ ਤੁਰੰਤ ਡਰੇਨਾਂ ਵਿੱਚ ਆਈ ਰੁਕਾਵਟ ਨੂੰ ਦੂਰ ਕਰਕੇ ਨਿਕਾਸੀ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹਾ ਪ੍ਸਾ਼ਸਨ ਦੇ ਆਦੇਸ਼ਾਂ ਤੇ ਡਰੇਨਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਡਰੇਨੇਜ ਵਿਭਾਗ ਅਤੇ ਐਨ.ਐਚ.ਏ.ਆਈ. ਵੱਲੋਂ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰੀ ਬਾਰਿਸ਼ ਕਾਰਨ ਮੋਗਾ ਡਰੇਨ ਨਾਲ ਬੁੱਘੀਪੁਰਾ ਅਤੇ ਬੁੱਟਰ ਡਰੇਨ ਨਾਲ ਰਾਮੂੰਵਾਲਾ ਹਰਚੋਕਾ ਤੇ ਨੇੜਲੇ ਪਿੰਡਾਂ ਵਿੱਚ ਪਾਣੀ ਭਰ ਗਿਆ ਸੀ। ਉਹਨਾਂ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ, ਐਕਸੈਵੇਟਰਾਂ ਅਤੇ ਜੇਸੀਬੀ, ਪੋਪਲੇਨ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਇਹਨਾਂ ਡਰੇਨਾਂ ਵਿੱਚ ਰੁਕਾਵਟਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਹਮੇਸ਼ਾ ਤਤਪਰ ਹੈ ਭਾਵੇਂ ਉਹ ਕਿਸੇ ਵੀ ਖੇਤਰ ਨਾਲ ਸਬੰਧਤ ਹੋਵੇ। ਇਹਨਾਂ ਦੋਨਾਂ ਡਰੇਨਾਂ ਦੀ ਸਫਾਈ ਲਈ ਯਤਨ ਜੰਗੀ ਪੱਧਰ ਤੇ ਜਾਰੀ ਹਨ ਅਤੇ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।