ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਨੇ ਨਿਯੁਕਤ ਕੀਤਾ ਪ੍ਰਧਾਨ
ਜਲੰਧਰ (ਬਿਊਰੋ) :- ਸੰਸਾਰ ਭਰ ਵਿੱਚ ਫੈਲੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆ ਕੇ ਸਮੂਹਿਕ ਰੂਪ ਵਿਚ ਖੁਸ਼ਹਾਲੀ ਦੇ ਰਾਹ ਅੱਗੇ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਨੇ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਆਪਣੇ ਪੰਜਾਬ ਚੈਪਟਰ ਦਾ ਵਿਸਥਾਰ ਕੀਤਾ ਹੈ। ਪੰਜਾਬ ਦਾ ਦਿਲ ਅਤੇ ਮੀਡੀਆ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਜਲੰਧਰ ਵਿਖੇ ਆਪਣੇ ਕੰਮਕਾਜ ਦੀ ਸ਼ੁਰੂਆਤ ਕਰਦਿਆਂ ਜਾਣੇ ਪਛਾਣੇ ਸਮਾਜ ਸੇਵੀ ਜਤਿੰਦਰ ਪਾਲ ਸਿੰਘ ਨੂੰ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਤਿੰਦਰ ਪਾਲ ਸਿੰਘ ਆਖ਼ਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਬੈਨਰ ਹੇਠ ਵੱਖ ਵੱਖ ਸਮਾਜ ਸੇਵੀ ਕਾਰਜਾਂ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਨੂੰ ਕੋਵਿਡ ਕਾਲ ਦੌਰਾਨ ਇਸ ਘਾਤਕ ਮਹਾਂਮਾਰੀ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਬਦਕਿਸਮਤ 989 ਲੋਕਾਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦਾ ਪੁੰਨ ਕਮਾਉਣ ਦੇ ਨਾਲ ਨਾਲ 11 ਰੁਪਏ ਵਿਚ ਰੋਟੀ ਕੱਪੜਾ ਦਵਾਈ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਅਤੇ ਹੋਰ ਬਹੁਤ ਸਾਰੇ ਸਮਾਜ ਸੇਵੀ ਕਾਰਜਾਂ ਨੂੰ ਨੇਪਰੇ ਚਾੜ੍ਹਨ ਦਾ ਸੁਭਾਗ ਹਾਸਲ ਹੈ। ਪੁਣੇ ਮਹਾਰਾਸ਼ਟਰ ਤੋਂ ਉਚੇਚੇ ਤੌਰ ਤੇ ਜਲੰਧਰ ਪੁੱਜੇ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਪੁਣੇ ਦੇ ਪ੍ਰਧਾਨ ਸਰਦਾਰ ਗੁਰਬੀਰ ਸਿੰਘ ਮੁਖੀਜਾ ਨੇ ਦੱਸਿਆ ਕਿ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਇੱਕ ਅਜਿਹਾ ਪਲੇਟਫਾਰਮ ਤਿਆਰ ਕੀਤਾ ਗਿਆ ਹੈ ਜਿਸ ਵਿਚ ਇੱਕ ਪੰਜਾਬੀ ਦੂਜੇ ਪੰਜਾਬੀ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਅਤੇ ਦੂਜੇ ਨੂੰ ਵਧਾਉਣ ਲਈ ਕੰਮ ਕਰਦਾ ਹੈ। ਇਸ ਦਾ ਉਦੇਸ਼ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਮਦਦ ਕਰਨਾ ਹੈ।



ਇਸ ਵਿੱਚ ਬੱਚਿਆਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਨਾਲ-ਨਾਲ ਕਈ ਹੋਰ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਦੇ ਦਿੱਲੀ ਚੈਪਟਰ ਦੇ ਪ੍ਰਧਾਨ ਤਜਿੰਦਰ ਸਿੰਘ ਗੋਇਆ ਨੇ ਦੱਸਿਆ ਕਿ ਇਸ ਚੈਂਬਰ ਹੇਠ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਹਿਯੋਗ ਤੋਂ ਇਲਾਵਾ ਦਿੱਲੀ ਵਾਂਗ ਹੀ ਪੰਜਾਬ ਵਿਚ ਵੀ ਬੱਚਿਆਂ ਨੂੰ ਵਧੀਆ ਪੈਕੇਜ ਉੱਤੇ ਨੌਕਰੀਆਂ ਮੁੱਹਈਆ ਕਰਵਾਈਆ ਜਾਣਗੀਆਂ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ ਲੱਖਾਂ ਰੁਪਏ ਦੇ ਕਰਜ਼ੇ ਚੁੱਕ ਕੇ ਰੋਜ਼ਗਾਰ ਲਈ ਪ੍ਰਦੇਸ਼ ਨਾ ਜਾਣਾ ਪਵੇ। ਦਿੱਲੀ ਵਿੱਚ ਚੱਲ ਰਹੇ ਮੁਫ਼ਤ ਐਜੂਕੇਸ਼ਨ ਲੰਗਰ ਸੇਵਾ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਮੌਕੇ ਜ਼ਿੰਮੇਵਾਰੀ ਸੰਭਾਲਣ ਉਪਰੰਤ ਜਤਿੰਦਰ ਪਾਲ ਸਿੰਘ ਨੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਜੋ ਜ਼ਿੰਮੇਵਾਰੀ ਡਬਲਯੂ਼. ਐਸ. ਪੀ. ਸੀ. ਸੀ. ਵਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਜੀਅ ਜਾਨ ਨਾਲ ਨਿਭਾਉਣਗੇ। ਉਨ੍ਹਾਂ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਦੇ ਮੈਂਬਰ ਬਣਕੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੈਂਬਰ ਨਾਲ ਜੁੜਨ ਦੀ ਕੋਈ ਫੀਸ ਨਹੀਂ ਹੈ। ਇਸ ਮੌਕੇ ਪੁਣੇ ਅਤੇ ਦਿੱਲੀ ਤੋਂ ਪੁੱਜੇ ਸਰਦਾਰ ਗੁਰਬੀਰ ਸਿੰਘ ਮੁਖੀਜਾ ਅਤੇ ਤਜਿੰਦਰ ਸਿੰਘ ਗੋਇਆ ਨੇ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਸਖਸ਼ੀਅਤਾਂ ਦੀ ਹਾਜਰੀ ਵਿੱਚ ਜਤਿੰਦਰ ਪਾਲ ਸਿੰਘ ਨੂੰ ਸਿਰੋਪਾ, ਦੁਸ਼ਾਲਾ ਅਤੇ ਕਿਰਪਾਨ ਭੇਟ ਕਰਕੇ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਦੇ ਜਲੰਧਰ ਚੈਪਟਰ ਦੇ ਪ੍ਰਧਾਨ ਅਤੇ ਰਮਿੰਦਰ ਸਿੰਘ ਜੁਨੇਜਾ ਨੂੰ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ, ਭਾਸ਼ਾ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਚੇਤਨ ਸਿੰਘ, ਸੁਰਜੀਤ ਸਿੰਘ ਸਹੋਤਾ ਆਈ ਐਫ਼ ਐਸ ਰਿਟਾ:, ਸੁਖਵਿੰਦਰ ਸਿੰਘ ਡੀਐਸਪੀ, ਪਰਮਜੀਤ ਸਿੰਘ ਜੀਐਸਟੀ ਵਿਭਾਗ,ਗੁਰਪ੍ਰੀਤ ਸਿੰਘ ਸੰਧੂ ਸੰਪਾਦਕ ਕੇਸਰੀ ਵਿਰਾਸਤ ਮੀਡੀਆ ਹਾਊਸ, ਆਈ ਐਸ ਬੱਗਾ, ਲੱਕੀ ਖਾਲਸਾ, ਮਨਜੀਤ ਸਿੰਘ ਖਾਲਸਾ, ਇਸ਼ਟ ਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਦਮਨਦੀਪ ਸਿੰਘ,ਐਮਪੀ ਸਿੰਘ, ਪਰਮਜੀਤ ਸਿੰਘ,ਵਿਜੇ ਅਰੋੜਾ, ਵਿਜੇ ਕੁਮਾਰ, ਲੱਕੀ ਸੰਧੂ, ਬੀਬੀ ਪ੍ਰਕਾਸ਼ ਕੌਰ, ਸਰੀਨਾ ਦੀਵਾਨ, ਅਨੀਤਾ, ਹਰਪ੍ਰੀਤ ਕੌਰ, ਐਂਕਰ ਰਸ਼ਮੀ ਅਗਰਵਾਲ,ਅਜੀਤ ਸਿੰਘ ਮੱਕੜ, ਸਰਬਜੀਤ ਸਿੰਘ ਬੈਂਕਰ, ਪ੍ਰਭਦਿਆਲ ਸਿੰਘ ਅਤੇ ਹੋਰ ਬਹੁਤ ਸਾਰੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਮੌਜੂਦ ਸਨ।