ਵੱਖ ਵੱਖ ਕਿੱਤਾ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਤੇ ਕਿੱਤਿਆਂ ਸਬੰਧੀ ਦਿੱਤੀ ਜਾਣਕਾਰੀ-ਡਿੰਪਲ ਥਾਪਰ
ਮੋਗਾ (ਵਿਮਲ) :- ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੌਜਵਾਨਾਂ ਨੂੰ ਚੰਗਾ ਕਰੀਅਰ ਬਣਾਉਣ ਲਈ ਗਾਈਡੈਂਸ ਸੈਮੀਨਾਰ ਅਤੇ ਕਰੀਅਰ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੇ ਹੁਕਮਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਮੋਗਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ, ਧਰਮਕੋਟ-1 ਅਤੇ ਧਰਮਕੋਟ-2 ਦੇ 12ਵੀਂ ਜਮਾਤ ਦੇ ਮੈਰੀਟੋਰੀਅਸ ਵਿਦਿਆਰਥੀਆਂ ਲਈ ਕਰੀਅਰ ਕਾਨਫਰੰਸ ਲਗਾਈ ਗਈ ਜਿਸ ਵਿੱਚ ਵੱਖ-ਵੱਖ ਕਿੱਤਾ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਅਤੇ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਉਹ ਆਪਣਾ ਕਰੀਅਰ ਬਣਾਉਣ ਲਈ ਸਹੀ ਰਾਹ ਚੁਣ ਸਕਣ। ਇਸ ਸੈਮੀਨਾਰ ਵਿੱਚ ਬਲਜੋਤ ਸਿੰਘ ਮਾਨ ਮੱਛੀ ਪਾਲਣ ਅਫ਼ਸਰ ਮੋਗਾ ਵੱਲੋਂ ਵਿਦਿਆਰਥੀਆਂ ਨੂੰ ਵੈਟਰਨਰੀ, ਐਗਰੀਕਲਚਰ, ਡੇਅਰੀ ਆਦਿ ਕਿੱਤਿਆਂ ਨਾਲ ਸਬੰਧਤ ਕੋਰਸਾਂ, ਬਲਵਿੰਦਰ ਸਿੰਘ ਦੌਲਤਪੁਰਾ ਰਿਟਾਇਰਡ ਪ੍ਰੋਫੈਸਰ ਪੋਲੀਟੈਕਨਿਕ ਕਾਲਜ ਵੱਲੋਂ ਟੈਕਨੀਕਲ ਐਜੂਕੇਸ਼ਨ, ਆਰਟਸ, ਕਮਰਸ ਕੋਰਸਾਂ ਬਾਰੇ ਵਿਸਥਾਰਿਤ ਜਾਣਕਾਰੀ ਮੁਹੱਈਆ ਕਰਵਾਈ ਗਈ। ਰੌਸ਼ਨਜੀਤ ਸਿੰਘ, ਨੀਤੀ ਫਾਊਂਡੇਸ਼ਨ ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਬਲਰਾਜ ਸਿੰਘ ਖਹਿਰਾ, ਕਰੀਅਰ ਕਾਉਂਸਲਰ ਵੱਲੋਂ ਵਿਦਿਆਰਥੀਆਂ ਨੂੰ ਇੱਕ ਚੰਗਾ ਕਰੀਅਰ ਬਣਾਉਣ ਲਈ ਬਹੁਤ ਸਾਰੇ ਨੁਕਤੇ ਸਾਂਝੇ ਕੀਤੇ ਗਏ।