ਖੰਭੇ ਉੱਪਰ ਲੱਗੀਆਂ ਕੇਬਲ ਤਾਰਾਂ ਤੇ ਸਟਰੀਟ ਲਾਈਟ ਪੁਆਇੰਟ ਨੂੰ ਕੀਤਾ ਸ਼ਿਫਟ
ਮੋਗਾ (ਵਿਮਲ) :- ਵਾਰਡ ਨੰਬਰ 38 ਦੇ ਅਧੀਨ ਆਉਂਦੇ ਸ਼ਹੀਦੀ ਪਾਰਕ ਦੇ ਸਾਹਮਣੇ ਲੱਗੇ ਖੰਬੇ ਦਾ ਥੱਲੇ ਵਾਲਾ ਹਿੱਸਾ ਖਰਾਬ ਹੋਣ ਕਰਕੇ ਉਸਨੂੰ ਉਸ ਜਗ੍ਹਾ ਤੋਂ ਹਟਾ ਦਿੱਤਾ ਗਿਆ ਹੈ, ਪੋਲ ਨੂੰ ਤਿੰਨੋਂ ਪਾਸੇ ਤੋਂ ਖਿੱਚ/ਸਪੋਰਟਾਂ ਲੱਗੀਆਂ ਹੋਈਆਂ ਸਨ ਜਿਸ ਨਾਲ ਉਸਦੇ ਡਿੱਗਣ ਦਾ ਕੋਈ ਖਤਰਾ ਨਹੀਂ ਸੀ, ਫਿਰ ਵੀ ਉਸਨੂੰ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਹਟਾ ਦਿੱਤਾ ਗਿਆ ਹੈ। ਇਹ ਜਾਣਕਾਰੀ ਪੀ.ਐਸ.ਪੀ.ਐਲ. ਮੋਗਾ ਦੇ ਐਸ.ਡੀ.ਓ. ਬਲਜੀਤ ਸਿੰਘ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਖੰਭੇ ਉਪਰ ਕੋਈ ਲੋਅ ਵੋਲਟੇਜ ਲਾਈਨ ਨਹੀਂ ਸੀ, ਇਸ ਉਪਰ ਇੱਕ ਸਟਰੀਟ ਲਾਈਟ ਪੁਆਇੰਟ ਲੱਗਾ ਸੀ ਅਤੇ ਕੇਬਲ ਤਾਰ੍ਹਾਂ ਪ੍ਰਾਈਵੇਟ ਆਪਰੇਟਰ ਦੁਆਰਾ ਪਾਈਆਂ ਹੋਈਆਂ ਸਨ। ਖੰਭੇ ਉੱਪਰ ਲੱਗਾ ਸਟਰੀਟ ਲਾਈਟ ਪੁਆਇੰਟ ਅਤੇ ਕੇਬਲ ਤਾਰਾਂ ਨੂੰ ਸ਼ਿਫਟ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਬਿਜਲੀ ਵਿਭਾਗ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਲੋਕਾਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਨਿਪਟਾਰਾ ਕੀਤਾ ਜਾ ਰਿਹਾ ਹੈ।