ਸਮੂਹ ਬੈਂਕ ਅਧਿਕਾਰੀ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਸਾਨ ਵਿਆਜ਼ ਦਰਾਂ ‘ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ- ਵਧੀਕ ਡਿਪਟੀ ਕਮਿਸ਼ਨਰ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਬੈਂਕਰਜ਼ ਰੀਵਿਊ ਕਮੇਟੀ ਦੀ ਤਿਮਾਹੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਮੋਗਾ (ਵਿਮਲ) :- ਸਮੂਹ ਬੈਂਕ ਅਧਿਕਾਰੀ ਗਰੀਬ ਤੇ ਕਮਜੋਰ ਵਰਗ ਦੇ ਲੋਕਾਂ ਨੁੰ ਆਸਾਨ ਵਿਆਜ਼ ਦਰਾਂ ‘ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ, ਤਾਂ ਜੋ ਲੋੜਵੰਦ ਵਿਅਕਤੀ ਸਵੈ-ਰੋਜ਼ਗਾਰ ਅਪਣਾ ਕੇ ਆਪਣਾ ਜੀਵਨ ਨਿਰਬਾਹ ਬਿਹਤਰ ਢੰਗ ਨਾਲ ਕਰ ਸਕਣ।ਇਹ ਪ੍ਰੇਰਣਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਚਾਰੂਮਿਤਾ ਨੇ ਜ਼ਿਲ੍ਹਾ ਪੱਧਰੀ ਬੈਂਕਰਜ ਰੀਵਿਊ ਕਮੇਟੀ ਦੀ ਤਿਮਾਹੀ ਮੀਟਿੰਗ ਦੌਰਾਨ ਮੀਟਿੰਗ ‘ਚ ਹਾਜ਼ਰ ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਨੇ ਦੱਸਿਆ ਕਿ ਪੰਜਾਬ ਸਿੰਧ ਬੈਂਕ, ਲੀਡ ਬੈਂਕ ਮੋਗਾ ਅਧੀਨ ਸਾਰੇ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਤਰਜੀਹੀ ਖੇਤਰ ਵਿੱਚ ਓਵਰਆਲ 101 ਫ਼ੀਸਦੀ ਟੀਚਾ ਪ੍ਰਾਪਤ ਕੀਤਾ ਗਿਆ ਹੈ। ਮੋਗਾ ਜ਼ਿਲ੍ਹੇ ਨੇ ਸੂਬੇ ਵਿੱਚ ਪਹਿਲੀਆਂ ਚਾਰ ਪੁਜੀਸ਼ਨਾਂ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ, ਪਰਸਨਲ ਲੋਨ ਵਿੱਚ ਬੈਂਕਾਂ ਵੱਲੋਂ ਵਧੀਆ ਟੀਚੇ ਪ੍ਰਾਪਤ ਕੀਤੇ ਗਏ ਹਨ। ਏ : ਆਈ : ਐੱਫ : ਸਕੀਮ ਅਧੀਨ ਮੋਗਾ ਜ਼ਿਲ੍ਹੇ ਦੇ ਬੈਂਕਾਂ ਨੇ ਪੂਰੇ ਦੇਸ਼ ਵਿੱਚੋਂ ਪਹਿਲੀਆਂ ਦੱਸ ਪੁਜੀਸ਼ਨਾਂ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ ਐਮ.ਐਸ.ਐਮ.ਈ., ਵਿੱਦਿਆ, ਹਾਊਸਿੰਗ, ਰਿਨਿਊਏਬਲ ਐਨਰਜੀ, ਐਕਸਪੋਰਟ ਕ੍ਰੈਡਿਟ, ਸੋਸ਼ਲ ਇਨਫਰਾਸਟਰਕਚਰ ਦੇ ਖੇਤਰ ਵਿੱਚ ਹੋਰ ਸੁਧਾਰ ਲਿਆਉਣ ਦੀ ਲੋੜ ਹੈ।

ਉਨ੍ਹਾਂ ਬੈਕਾਂ ਦੇ ਅਧਿਕਾਰੀਆਂ ਨੂੰ ਆਮ ਜਨਤਾ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਲੀਡ ਬੈਂਕ ਮੈਨੇਜਰ ਮੋਗਾ ਸ਼੍ਰੀ ਚਿਰਨਜੀਵ ਸਿੰਘ ਨੇ ਸਾਲ 2024-25 ਦੌਰਾਨ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪੀ.ਐਮ.ਐਫ.ਐਮ.ਈ. ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ, ਪੈ.ਐਮ. ਸਟਰੀਟ ਵੈਂਡਰਜ ਆਤਮ ਨਿਰਭਰ ਨਿਧੀ ਯੋਜਨਾ, ਪੀ.ਐਮ. ਵਿਸ਼ਵਕਰਮਾ ਸਕੀਮ ਆਦਿ ਵੱਖ ਵੱਖ ਫਲੈਗਸ਼ਿਪ ਸਕੀਮਾਂ ਦੀ ਵੱਖ ਵੱਖ ਬੈਂਕਾਂ ਦੀ ਅਚੀਵਮੈਂਟ ਬਾਰੇ ਰਿਪੋਰਟ ਪੇਸ਼ ਕੀਤੀ। ਮੀਟਿੰਗ ਵਿੱਚ ਆਰ: ਬੀ: ਆਈ: ਤੋਂ ਸ਼੍ਰੀ ਸੁਧੀਰ ਸਿੱਧੂ ਅਤੇ ਨਾਬਾਰਡ ਤੋਂ ਸ਼੍ਰੀ ਰਸ਼ੀਦ ਲੇਖੀ ਨੇ ਬੈਂਕਾਂ ਦੇ ਕੰਮਕਾਜ ਦੀ ਸ਼ਲਾਘਾ ਕੀਤੀ।