ਹਸਪਤਾਲ ਲਈ ਨਵੀਂ ਈ.ਸੀ.ਜੀ. ਮਸ਼ੀਨ ਦੀ ਦਿੱਤੀ ਤੁਰੰਤ ਮਨਜੂਰੀ ਕਿਹਾ ਸਰਕਾਰ ਦੇ ਨਿਰਦੇਸ਼ਾਂ ਤਹਿਤ ਨਸ਼ਾ ਛੂਡਾਊ ਕੇਂਦਰਾਂ ਵਿੱਚ ਹਰੇਕ ਸਹੂਲਤ ਹੋਵੇਗੀ ਮੁਹੱਈਆ
ਮੋਗਾ (ਵਿਮਲ) :- ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਮੁਕੰਮਲ ਇਲਾਜ ਮੁਹੱਈਆ ਕਰਵਾਉਣ ਲਈ ਨਸ਼ਾ ਛੁਡਾਊ ਕੇਂਦਰਾਂ ਨੂੰ ਹੋਰ ਮਜਬੂਤੀ ਦਿੱਤੀ ਜਾ ਰਹੀ ਹੈ ਤਾਂ ਕਿ ਨਸ਼ਾ ਛੱਡਣ ਵਾਲਾ ਕੋਈ ਵੀ ਨੌਜਵਾਨ ਕਿਸੇ ਵੀ ਹਸਪਤਾਲ ਜਾਂ ਨਸ਼ਾ ਛੁਡਾਊ ਕੇਂਦਰ ਵਿੱਚੋਂ ਨਿਰਾਸ਼ ਹੋ ਕੇ ਨਾ ਪਰਤੇ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਨਿਹਾਲ ਸਿੰਘ ਵਾਲਾ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਨਸ਼ਾ ਮੁਕਤੀ ਦਵਾਈ ਕੇਂਦਰ ਦੀਆਂ ਸੇਵਾਵਾਂ ਦਾ ਰੀਵਿਊ ਲਿਆ। ਨਸ਼ਾ ਮੁਕਤੀ ਦਵਾਈ ਕੇਂਦਰ ਦੀਆਂ ਸੇਵਾਵਾਂ ਤੇ ਮੋਕੇ ਤੇ ਮਰੀਜ਼ਾਂ ਨੇ ਤਸੱਲੀ ਪ਼ਗਟਾਈ ਅਤੇ ਹਰੇਕ ਲੋੜੀਂਦੀ ਦਵਾਈ ਸਮੇਂ ਸਿਰ ਉਪਲੱਬਧ ਹੋਣ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ । ਡਿਪਟੀ ਕਮਿਸ਼ਨਰ ਨੇ ਕੇਂਦਰ ਵਿੱਚ ਢੁੱਕਵੀਂ ਮਾਤਰਾ ਵਿੱਚ ਦਵਾਈ ਉਪਲੱਬਧ ਹੋਣ ਅਤੇ ਸਮੁੱਚੇ ਰਿਕਾਰਡ ਨੂੰ ਮੁਕੰਮਲ ਰੱਖਣ ਲਈ ਕਿਹਾ।


ਈ.ਸੀ.ਜੀ. ਮਸ਼ੀਨ ਬਾਰੇ ਮੈਡੀਕਲ ਅਫ਼ਸਰ ਡਾਂ ਉਪਵਨ ਚੋਬਰਾ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਤਾਂ ਤੁਰੰਤ ਪ੍ਰਭਾਵ ਨਾਲ ਡਿਪਟੀ ਕਮਿਸ਼ਨਰ ਵੱਲੋਂ ਇਸਦੇ ਖਰਚੇ ਦੀ ਮਨਜੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਓਟ ਸੈਂਟਰ ਦੇ ਬਾਹਰਲੇ ਵੇਟਿੰਗ ਏਰੀਆ ਵਿੱਚ ਸ਼ੈਡ ਪਾ ਕੇ ਕੁਰਸੀਆਂ ਲਗਾਉਣ ਵਾਸਤੇ ਖਰਚੇ ਦੀ ਪ੍ਰਵਾਨਗੀ ਵੀ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ। ਇਸ ਮੌਕੇ ਐਸ.ਡੀ.ਐਮ. ਸਵਾਤੀ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਜੇਸ਼ ਮਿੱਤਲ, ਮਾਰਕਿਟ ਕਮੇਟੀ ਚੇਅਰਮੈਨ ਨਿਹਾਲ ਸਿੰਘ ਵਾਲਾ ਬਰਿੰਦਰ ਕੁਮਾਰ ਸ਼ਰਮਾ, ਬੀ.ਡੀ.ਪੀ.ਓ. ਨਿਹਾਲ ਸਿੰਘ ਵਾਲਾ, ਭੂਸ਼ਣ ਕੁਮਾਰ ਆਦਿ ਹਾਜਰ ਸਨ।