ਦਿਵਿਆਂਗਜਨਾਂ ਨੂੰ ਟ੍ਰਾਈਸਾਈਕਲਾਂ ਦੀ ਕੀਤੀ ਵੰਡ, ਬਜ਼ੁਰਗਾਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਕੀਤਾ ਸੁਚੇਤ
ਮੋਗਾ (ਕਮਲ) :- ਸਰਬਜੀਤ ਸਿੰਘ ਧਾਲੀਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਅਤੇ ਮੈਂਬਰ ਸੱਕਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਮਿਸ ਕਿਰਨ ਜਯੋਤੀ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਬਿਰਧ ਆਸ਼ਰਮ ਇੱਕ ਆਸ ਆਸ਼ਰਮ ਸੇਵਾ ਸੁਸਾਇਟੀ (ਰਜਿ.) ਰੌਲੀ ਰੋਡ ਮੋਗਾ ਦਾ ਦੌਰਾ ਕੀਤਾ। ਦੌਰਾ ਕਰਕੇ ਉਹਨਾਂ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਰੋਧਰਾ ਆਸ਼ਰਮ ਸੇਵਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਟ੍ਰਾਈਸਾਈਕਲ ਵੀ ਵੰਡੇ। ਉਨ੍ਹਾਂ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਤਹਿਤ ਹਰੇਕ ਬਜ਼ੁਰਗ ਨੂੰ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ। ਬਜ਼ੁਰਗਾਂ ਨੂੰ ਸਿਰਫ਼ ਆਪਣੇ ਪੁੱਤਰਾਂ ਤੋਂ ਹੀ ਨਹੀਂ ਸਗੋਂ ਧੀਆਂ ਤੋਂ ਵੀ ਖ਼ਰਚਾ ਲੈਣ ਦੇ ਅਧਿਕਾਰ ਹਨ। ਜਿਹੜੇ ਬਜ਼ੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ‘ਤੇ ਟਰਾਂਸਫਰ ਕਰਵਾਉਂਦੇ ਹਨ, ਪਰ ਬਾਅਦ ਵਿੱਚ ਬੱਚੇ ਬਜ਼ੁਰਗਾਂ ਨੂੰ ਖਰਚਾ ਹੀ ਨਹੀਂ ਦਿੰਦੇ ਸਗੋਂ ਘਰੋਂ ਕੱਢ ਦਿੰਦੇ ਹਨ, ਅਜਿਹੇ ‘ਚ ਬਜ਼ੁਰਗ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਹਰੇਕ ਬਜ਼ੁਰਗ ਵਿਅਕਤੀ/ਔਰਤ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ,ਜਿਸ ਵਿੱਚ ਵਕੀਲ ਦਾ ਸਾਰਾ ਖਰਚਾ ਅਤੇ ਕਾਗਜ਼ਾਤ ਅਥਾਰਟੀ ਵੱਲੋ ਦਿੱਤਾ ਜਾਦਾ ਹੈ। ਇਸ ਮੌਕੇ ਤੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਏ.ਐੱਸ,ਆਈ. ਜਸਵੀਰ ਸਿੰਘ ਬਾਵਾ ਵੀ ਮੌਜੂਦ ਸਨ।