ਵੱਧ ਤੋਂ ਵੱਧ ਕਿਸਾਨ ਲੈਣ ਮੌਕੇ ਦਾ ਲਾਹਾ-ਮੁੱਖ ਖੇਤੀਬਾੜੀ ਅਫ਼ਸਰ
ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਹਿੱਤ ਸਮੈਮ ਸਕੀਮ ਤਹਿਤ ਮਸ਼ੀਨਾਂ ਤੇ ਸਬਸਿਡੀ ਲਈ ਅਰਜੀਆਂ ਦੇਣ ਦੀ ਮਿਤੀ ਵਿੱਚ 22 ਮਈ, 2025 ਤੱਕ ਦਾ ਵਾਧਾ ਕੀਤਾ ਗਿਆ ਹੈ। ਇਹਨਾਂ ਮਸ਼ੀਨਾਂ ਵਿੱਚ ਨੁਮੈਟਿਕ ਪਲਾਂਟਰ, ਰੇਜਡ ਬੈੱਡ ਪਲਾਂਟਰ, ਪੀ.ਟੀ.ਓ ਆਪਰੇਟਿਡ ਬੰਡ ਫੋਰਮਰ, ਹਾਈ ਕਲੀਅਰੈਂਸ ਬੂਮ ਸਪਰੇਅਰ, ਨਰਸਰੀ ਸੀਡਰ, ਡੀ.ਐਸ.ਆਰ. ਡਰਿੱਲ, ਪੈਡੀ ਟਰਾਂਸਪਲਾਂਟਰਜ, ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਲੱਕੀ ਸੀਡ ਡਰਿੱਲ, ਮੈਨੂਅਲ ਪਾਵਰ ਸਪਰੇਅਰ ਆਦਿ ਸ਼ਾਮਿਲ ਹਨ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਸ੍ਰ. ਗੁਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਸਬਸਿਡੀ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਮੂਹ ਮਸ਼ੀਨਾਂ ਦੀ ਸੂਚੀ ਪੋਰਟਲ ਤੇ ਵੀ ਉਪਲੱਬਧ ਹੈ। ਕਸਟਮ ਹਾਈਰਿੰਗ ਸੈਂਟਰ ਸਥਿਪਤ ਕਰਨ ਲਈ ਵੀ ਪ੍ਰਤੀਬੇਨਤੀਆਂ ਪੋਰਟਲ ਰਾਹੀਂ ਦਿੱਤੀਆਂ ਜਾ ਸਕਦੀਆਂ ਹਨ। ਸਬਸਿਡੀ ਦੀ ਦਰ ਸਕੀਮ ਦੀਆਂ ਹਦਾਇਤਾਂ ਅਨੁਸਾਰ ਹੋਵੇਗੀ। ਸਬਸਿਡੀ ਲੈਣ ਦੇ ਚਾਹਵਾਨ 22 ਮਈ, 2025 ਸ਼ਾਮ 5 ਵਜੇ ਤੱਕ ਆਪਣੀਆਂ ਅਰਜੀਆਂ ਆਨਲਾਈਨ agrimachinderypb.com ਪੋਰਟਲ ਰਾਹੀਂ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ ਜਾਂ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਕਿਉਂਕਿ ਇਹਨਾਂ ਮਸ਼ੀਨਾਂ ਨਾਲ ਖੇਤੀ ਖਰਚੇ ਵੀ ਘਟਦੇ ਹਨ ਅਤੇ ਵਾਤਾਵਰਨ ਪੱਖੀ ਖੇਤੀਬਾੜੀ ਵੀ ਸੰਭਵ ਹੋ ਸਕਦੀ ਹੈ।