ਮੋਗਾ (ਕਮਲ) :- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 (46 ਆਫ 2023) ਚੈਪਟਰ 11 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿਚ ਚੱਲ ਰਹੇ ਮੈਰਿਜ ਪੈਲਸਾਂ ਵਿਚ ਹਥਿਆਰ ਲੈ ਕੇ ਜਾਣ ਅਤੇ ਫਾਇਰ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੀਨੀਅਰ ਪੁਲਿਸ ਕਪਤਾਨ ਮੋਗਾ ਅਤੇ ਉਪ ਮੰਡਲ ਮੈਜਿਸਟਰੇਟਸ ਮੋਗਾ ਨੂੰ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਲਈ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਉਣ। ਇਹ ਹੁਕਮ 10 ਜੁਲਾਈ, 2025 ਤੱਕ ਲਾਗੂ ਰਹੇਗਾ। ਹੁਕਮ ਵਿੱਚ ਇਹ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਮੋਗਾ ਦੇ ਮੈਰਿਜ ਪੈਲਸਾਂ ਵਿਚ ਹੁੰਦੇ ਸਮਾਰੋਹ ਦੌਰਾਨ ਕਈ ਵਿਅਕਤੀਆਂ ਵੱਲੋਂ ਹਥਿਆਰ ਨਾਲ ਲੈ ਕੇ ਜਾਣ ਅਤੇ ਹਵਾਈ ਫਾਇਰ ਕਰਨਾ ਇਕ ਫੈਸ਼ਨ ਜਿਹਾ ਬਣ ਗਿਆ ਹੈ, ਜਿਸ ਨਾਲ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ।
