ਕਿਹਾ!ਖਾਦਾਂ ਦੀ ਬੇਲੋੜੀ ਵਰਤੋਂ ਘਟਾਉਣ ਲਈ, ਕਿਸਾਨ ਮਿੱਟੀ ਤੇ ਪਾਣੀ ਪਰਖ ਕਰਵਾ ਕੇ ਖੇਤੀ ਮਾਹਿਰਾਂ ਦੀ ਰਾਇ ਜਰੂਰ ਲੈਣ ਖਾਦ ਸਬੰਧੀ ਸ਼ਿਕਾਇਤ ਜਾਂ ਖਾਦ ਦੇ ਨਾਲ ਕੋਈ ਹੋਰ ਸਮੱਗਰੀ ਦੀ ਵਿਕਰੀ ਸਬੰਧੀ ਬਲਾਕ ਖੇਤੀਬਾੜੀ ਅਫ਼ਸਰ ਜਾਂ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਨਾਲ ਕਰੋ ਸੰਪਰਕ
ਮੋਗਾ (ਕਮਲ) :- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜ਼ਿਲ੍ਹਾ ਮੋਗਾ ਵਿੱਚ ਕਿਸਾਨਾਂ ਨੂੰ ਉਚ ਮਿਆਰ ਦੀਆਂ ਖਾਦਾਂ ਸਮੇਂ ਸਿਰ ਨਿਰਧਾਰਤ ਰੇਟ ਤੇ ਮੁੱਹਈਆ ਕਰਾਉਣ ਲਈ ਵਚਨਬੱਧ ਹੈ। ਕਿਸਾਨਾਂ ਨੂੰ ਡੀ ਏ ਪੀ ਜਾਂ ਹੋਰ ਖਾਦਾਂ ਦੀ ਕਿੱਲਤ ਬਾਰੇ ਚਿੰਤਤ ਹੋਣ ਦੀ ਕੋਈ ਲੋੜ ਨਹੀਂ ਹੈ ਕਿਉਕਿ ਜ਼ਿਲ੍ਹੇ ਵਿੱਚ ਲੋੜ ਮੁਤਾਬਿਕ ਖਾਦ ਲਗਾਤਾਰ ਪਹੁੰਚ ਰਹੀ ਹੈ। ਜਿਲ੍ਹੇ ਵਿਚ ਤਕਰੀਬਨ 1000 ਐਮ ਟੀ ਡੀ.ਏ.ਪੀ.ਖਾਦ ਉਪਲੱਬਧ ਹੈ ਜਿਸ ਵਿਚੋਂ 537 ਐਮ ਟੀ ਸਹਿਕਾਰੀ ਸਭਾਵਾਂ ਕੋਲ ਮੌਜੂਦ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ ਗੁਰਪ੍ਰੀਤ ਸਿੰਘ ਨੇ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਜੇਕਰ ਕਣਕ ਦੀ ਫਸਲ ਨੂੰ ਡੀ.ਏ.ਪੀ.ਖਾਦ ਦੀ ਮਾਤਰਾ ਪਾਈ ਹੋਵੇ ਤਾਂ ਝੋਨੇ ਦੀ ਫਸਲ ਲਈ ਡੀ.ਏ.ਪੀ.ਖਾਦ ਦੀ ਜ਼ਰੂਰਤ ਨਹੀਂ ਹੈ। ਇਸ ਸਮੇਂ ਜ਼ਿਲ੍ਹੇ ਵਿਚ ਉਕਤ ਖਾਦ ਤੋਂ ਇਲਾਵਾ 19857 ਐਮ ਟੀ ਯੂਰੀਆ, 1417 ਐਮ ਟੀ ਐਨ.ਪੀ.ਕੇ ਅਤੇ 3113 ਐਮ ਟੀ ਸੁਪਰਫਾਸਫੇਟ ਖਾਦ ਮੌਜੂਦ ਹੈ। ਸਾਉਣੀ ਸੀਜ਼ਨ ਲਈ ਲੋੜੀਂਦੀ ਯੂਰੀਆ ਖਾਦ ਲਗਾਤਾਰ ਪਹੁੰਚ ਰਹੀ ਹੈ ਅਤੇ ਕਿਸਾਨਾਂ ਨੂੰ ਖਾਦ ਦੀ ਕੋਈ ਕਿੱਲਤ ਨਹੀਂ ਆਵੇਗੀ। ਜੇਕਰ ਕਿਸਾਨ ਖਾਦਾਂ ਦੀ ਵਰਤੋਂ ਮਿੱਟੀ ਪਰਖ ਕਰਵਾ ਕੇ ਕਰਨ ਤਾਂ ਖਾਦ ਦੀ ਕਿੱਲਤ ਕਦੀ ਵੀ ਨਹੀਂ ਆਵੇਗੀ। ਉਹਨਾਂ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋ ਲਗਾਤਾਰ ਖਾਦਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈੈ ਅਤੇ ਲਗਾਤਾਰ ਕਿਸਾਨ ਸਿਖਲਾਈ ਕੈਂਪਾਂ, ਨਿੱਜੀ ਤਾਲਮੇਲਾਂ ਰਾਹੀਂ ਕਿਸਾਨਾਂ ਨੂੰ ਮਿੱਟੀ ਟੈਸਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਟੈਸਟ ਰਿਪੋਰਟਾਂ ਦੇ ਅਧਾਰ ਤੇ ਕਿਸਾਨ ਖਾਦਾਂ ਦੀ ਸੁੱਚਜੀ ਵਰਤੋਂ ਕਰਨ ਅਤੇ ਬੇਲੋੜੀਆਂ ਖਾਦਾਂ ਦੀ ਵਰਤੋਂ ਨਾ ਕਰਨ। ਜ਼ਿਲ੍ਹਾ ਮੋਗਾ ਵਿਚ ਬਹਾਰ ਰੁੱਤ ਦੀ ਮੱਕੀ 4127 ਹੈਕਟੇਅਰ ਅਤੇ ਗਰਮ ਰੁੱਤ ਦੀ ਮੂੰਗੀ 4015 ਹੈਕਟੇਅਰ ਰਕਬੇ ਵਿਚ ਬੀਜੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਕਿਸਾਨ ਨੂੰ ਖਾਦ ਸਬੰਧੀ ਕੋਈ ਵੀ ਸ਼ਿਕਾਇਤ ਹੈ ਜਾਂ ਕੋਈ ਖਾਦ ਵਿਕਰੇਤਾ ਖਾਦ ਦੇ ਨਾਲ ਕੋਈ ਹੋਰ ਸਮੱਗਰੀ ਦੀ ਵਿਕਰੀ ਕਰਦਾ ਹੈ ਤਾਂ ਬਲਾਕ ਖੇਤੀਬਾੜੀ ਅਫਸਰ ਜਾਂ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ। ਨਿਰਧਾਰਤ ਮੁੱਲ ਤੋਂ ਵੱਧ ਰੇਟ ਤੇ ਜਾਂ ਖਾਦ ਦੇ ਨਾਲ ਜੇਕਰ ਕੋਈ ਖਾਦ ਵਿਕਰੇਤਾ ਹੋਰ ਸਮੱਗਰੀ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਡੀਲਰ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।