ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਪੰਜਾਬ ਸਰਕਾਰ ਵੰਡ ਰਹੀ ਗ੍ਰਾਂਟਾਂ ਦੇ ਗੱਫੇ ਹਲਕਾ ਨਿਹਾਲ ਸਿੰਘ ਵਾਲਾ ਦੇ 3 ਸਕੂਲਾਂ ਵਿੱਚ 41.39 ਲੱਖ ਰੁਪਏ ਨਾਲ ਵਿਕਾਸ ਕਾਰਜ ਆਰੰਭ
ਮੋਗਾ (ਕਮਲ) :- ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੂਰੀ ਦੁਨਾਂ ਵਿੱਚ ਹੁਣ ਸਰਕਾਰੀ ਸਕੂਲਾਂ ਦੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨਗੀਆਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਗ੍ਰਾਂਟਾਂ ਦੇ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ। ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਹੀ ਸਿੱਖਿਆ ਤੇ ਸਿਹਤ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਨਤੀਜੇ ਅੱਜ ਆਮ ਹੀ ਦੇਖਣ ਨੂੰ ਮਿਲ ਸਕਦੇ ਹਨ। ਕਰੋੜਾਂ ਰੁਪਏ ਦੇ ਫੰਡ ਸਿਰਫ ਸਿੱਖਿਆ ਦੇ ਖੇਤਰ ਵਿੱਚ ਜਾਰੀ ਕਰਕੇ ਪੰਜਾਬ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਗੰਭੀਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਿਹਾਲ ਸਿੰਘ ਵਾਲਾ ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ 3 ਸਕੂਲਾਂ ਵਿੱਚ 41.39 ਲੱਖ ਰੁਪਏ ਨਾਲ ਕਰਵਾਏ ਜਾ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ।


ਇਸ ਮੌਕੇ ਉਹਨਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਨਿਹਾਲ ਸਿੰਘ ਵਾਲਾ ਆਸ਼ੀਸ਼ ਸ਼ਰਮਾ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ, ਜਸਦੀਪ ਸਿੰਘ ਗੈਰੀ, ਹਾਜ਼ਰ ਸਨ। ਉਹਨਾਂ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਲਈ 5.51 ਲੱਖ ਰੁਪਏ ਨਾਲ ਕਮਰਿਆਂ ਦੀ ਮੇਜਰ ਰਿਪੇਅਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਕੇ ਲਈ 20.28 ਲੱਖ ਰੁਪਏ ਨਾਲ ਚਾਰ ਦਿਵਾਰੀ ਤੇ ਹੋਰ ਰਿਪੇਅਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਵਿੱਚ ਵੀ 15.60 ਲੱਖ ਰੁਪਏ ਨਾਲ ਚਾਰ ਦਿਵਾਰੀ ਤੇ ਰਿਪੇਅਰ ਆਦਿ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਵਿਧਾਇਕ ਨੇ ਦੱਸਿਆ ਇਹਨਾਂ ਨਾਲ ਸਕੂਲਾਂ ਦੀ ਰੂਪ ਰੇਖਾ ਤਾਂ ਬਦਲੇਗੀ ਹੀ ਸਗੋਂ ਸਿੱਖਿਆ ਦਾ ਮਿਆਰ ਵੀ ਹੋਰ ਉੱਚਾ ਹੋ ਜਾਵੇਗਾ। ਵਿਧਾਇਕ ਸ੍ਰ. ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅੱਜ ਸਾਰਾ ਪੰਜਾਬ ਸਿੱਖਿਆ ਕ੍ਰਾਂਤੀ ਦਾ ਜਸ਼ਨ ਮਨਾ ਰਿਹਾ ਹੈ ਹਰੇਕ ਸਕੂਲ ਵਿੱਚ ਮੁਢਲੀਆਂ ਸਹੂਲਤਾਂ ਤਾਂ ਉਪਲੱਬਧ ਸਰਕਾਰ ਨੇ ਪਹਿਲਾਂ ਹੀ ਕਰਵਾ ਦਿੱਤੀਆਂ ਸਨ ਪ੍ਰੰਤੂ ਹੁਣ ਇਹਨਾਂ ਨੂੰ ਹਰ ਪੱਖ ਤੋਂ ਆਧੁਨਿਕ ਕਰਨ ਲਈ ਯਤਨ ਆਰੰਭ ਕਰ ਦਿੱਤੇ ਗਏ ਹਨ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਤੇ ਮਾਨ ਮਹਿਸੂਸ ਕਰਨ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਕਿਉਂਕਿ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਉਹਨਾਂ ਨੂੰ ਮੁਹੱਈਆ ਕਰਵਾ ਰਹੀ ਹੈ ਉਹ ਕਾਨਵੈਂਟ ਸਕੂਲਾਂ ਨਾਲੋਂ ਵੀ ਬਿਹਤਰ ਹਨ। ਸਰਕਾਰੀ ਸਕੂਲਾਂ ਦੀ ਰੂਪ ਰੇਖਾ ਤੇ ਸਿੱਖਿਆ ਦੇ ਮਿਆਰ ਦਾ ਗ੍ਰਾਫ ਬਹੁਤ ਉੱਚਾ ਚੁੱਕਿਆ ਗਿਆ ਹੈ ਅਤੇ ਇਸ ਸਬੰਧੀ ਯਤਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਰਹਿਣਗੇ।