ਨਰਮੇ ਦੀ ਫਸਲ ਹੇਠ ਬੀਜੇ ਜਾਣ ਵਾਲੇ ਰਕਬੇ ਦੇ ਦਿੱਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ-ਡਾ. ਬਲਵੀਰ ਚੰਦ ਕਿਹਾ ! ਨਰਮੇ ਦੀ ਖੇਤੀ ਨੂੰ ਕਾਮਯਾਬ ਕਰਨ ਲਈ ਨਦੀਨਾਂ ਦਾ ਮੁੰਕਮਲ ਖਾਤਮਾ ਕਰਵਾਉਣਾ ਯਕੀਨੀ ਬਣਾਇਆ ਜਾਵੇ
ਮੋਗਾ (ਕਮਲ) :- ਸਾਉਣੀ 2025 ਦੌਰਾਨ ਬੀਜੀ ਜਾਣ ਵਾਲੀ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕਰਨ ਸਬੰਧੀ ਡਾ. ਬਲਵੀਰ ਚੰਦ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਦਫ਼ਤਰ ਮੁੱਖ ਖੇਤੀਬਾੜੀ ਅਫਸਰ, ਮੋਗਾ ਵਿਖੇ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਵਿਚ ਨਰਮੇ ਦੀ ਸੁਚੱਜੀ ਕਾਸ਼ਤ ਕਰਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ। ਇਸ ਮੀਟਿੰਗ ਨੂੰ ਸੰਬੋਧਿਨ ਕਰਦਿਆਂ ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤਾਂ/ਪਿੰਡਾਂ ਵਿਚ ਪਈਆਂ ਛਿੱਟੀਆਂ ਦੇ ਢੇਰਾਂ ਅਤੇ ਰਹਿੰਦ ਖੂੰਹਦ ਦਾ 31 ਮਾਰਚ ਤੱਕ ਹਰ ਹਾਲਤ ਵਿਚ ਪ੍ਰਬੰਧਨ ਕਰਵਾ ਲਿਆ ਜਾਵੇ ਅਤੇ ਨਰਮੇ ਦੀ ਫਸਲ ਹੇਠ ਬੀਜੇ ਜਾਣ ਵਾਲੇ ਰਕਬੇ ਦੇ ਦਿੱਤੇ ਗਏ ਟੀਚੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਰਮੇ ਦੀ ਸਫ਼ਲ ਕਾਸ਼ਤ ਲਈ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਕੀਤੇ ਜਾ ਰਹੇ ਅਗਾਊਂ ਪ੍ਰਬੰਧਾਂ ਬਾਰੇ ਖ਼ਾਸ ਕਰਕੇ ਨਰਮੇ ਵਾਲੇ ਪਿੰਡਾਂ ਵਿਚ ਕਿਸਾਨਾਂ ਨੂੰ ਆਪਣੇ ਖੇਤਾਂ ਅਤੇ ਰਾਹਾਂ ਦੇ ਆਲੇ-ਦੁਆਲੇ ਨਦੀਨ ਨਸ਼ਟ ਕਰਨ ਬਾਰੇ ਜਾਗਰੂਕ ਕਰਨਾ, ਕਿਸਾਨ ਸਿਖਲਾਈ ਕੈਂਪ ਲਗਾਉਣਾ, ਲਿਟਰੇਚਰ ਵੰਡਣਾ ਆਦਿ ਯਕੀਨੀ ਬਣਾਇਆ ਜਾਵੇ ਅਤੇ ਬਿਜਾਈ ਕੀਤੇ ਗਏ ਰਕਬੇ ਦਾ ਰਿਕਾਰਡ ਮੇਨਟੇਨ ਰੱਖਣਾ ਵੀ ਯਕੀਨੀ ਬਣਾਇਆ ਜਾਵੇ। ਜਿ਼ਲ੍ਹੇ ਅੰਦਰ ਜਿਨਿੰਗ ਫੈਕਟਰੀਆਂ ਅਤੇ ਆਇਲ ਮਿੱਲਾਂ ਦੀ ਚੈਕਿੰਗ ਕਰਦੇ ਹੋਏ ਅਧਿਕਾਰੀਆਂ ਨੂੰ ਲਗਾਤਾਰ ਇਨ੍ਹਾਂ ਮਿੱਲਾਂ ਦੀ ਮੋਨੀਟਰਿੰਗ ਕਰਨ ਅਤੇ ਮਿੱਲਾਂ ਵਿਚ ਪਏ ਵੜੇਂਵਿਆਂ ਅਤੇ ਹੋਰ ਰਹਿੰਦ-ਖੂੰਹਦ ਨੂੰ ਮਿੱਲ ਮਾਲਕਾਂ ਪਾਸੋਂ ਜਲਦ ਤੋਂ ਜਲਦ ਫਿਊਮਗੇਸ਼ਨ ਕਰਵਾਉਣ ਸਬੰਧੀ ਵੀ ਕਿਹਾ। ਇਸ ਸਮੇਂ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਪਿੰਡ ਪੱਧਰ ਤੱਕ ਨੋਡਲ ਅਫਸਰ ਨਿਯਕਤ ਕੀਤੇ ਜਾ ਚੁੱਕੇ ਹਨ। ਚਿੱਟੀ ਮੱਖੀ ਦੇ ਪਨਾਹਗੀਰ ਨਦੀਨਾਂ ਨੂੰ ਖਤਮ ਕਰਨ ਲਈ ਡਿਪਟੀ ਕਮਿਸ਼ਨਰ, ਮੋਗਾ ਜੀ ਦੀ ਪ੍ਰਧਾਨਗੀ ਹੇਠ ਫਰਵਰੀ ਵਿੱਚ ਜਿ਼ਲ੍ਹੇ ਦੇ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਕਰਵਾ ਕਿ ਹਰ ਵਿਭਾਗ ਦੇ ਅਧਿਕਾਰ ਖੇਤਰ ਵਿਚੋਂ 31 ਮਾਰਚ ਤੋਂ ਪਹਿਲਾਂ ਪਹਿਲਾਂ ਨਦੀਨਾਂ ਦਾ ਮੁੰਕਮਲ ਖਾਤਮਾ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਨਰਮੇ ਦੀ ਖੇਤੀ ਨੂੰ ਕਾਮਯਾਬ ਕਰਨ ਲਈ ਅਤੇ ਅਣਅਧਿਕਾਰਤ ਬੀ.ਟੀ.ਬੀਜ/ਗੁਜਰਾਤੀ ਬੀਜ ਦੀ ਵਿਕਰੀ ਰੋਕਣ ਲਈ ਇਕ ਜਿ਼ਲ੍ਹਾ ਪੱਧਰ ਅਤੇ 5 ਬਲਾਕ ਪੱਧਰ ਤੇ ਟੀਮਾਂ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਰਕਲ ਪੱਧਰ ਤੇ ਨਿਯੁਕਤ ਕੀਤੇ ਗਏ ਨੋਡਲ ਅਫਸਰ ਆਪਣੇ ਆਪਣੇ ਅਧਿਕਾਰ ਖੇਤਰ ਵਿਚ ਇਸ ਸਬੰਧੀ ਚੌਕਸ ਰਹਿਣਗੇ। ਇਸ ਮੀਟਿੰਗ ਵਿਚ ਸਮੂਹ ਖੇਤੀਬਾੜੀ ਅਫਸਰਾਂ ਵੱਲੋਂ ਨਰਮੇ ਕਪਾਹ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਅਤੇ ਜਿ਼ਲ੍ਹੇ ਨੂੰ ਅਲਾਟ ਹੋਏ ਟੀਚਿਆਂ ਦੀ ਪ੍ਰਾਪਤੀ ਲਈ ਵਚਨਬੱਧਤਾ ਦੁਹਰਾਈ। ਇਸ ਮੀਟਿੰਗ ਵਿਚ ਸਮੂਹ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀ ਵਿਸਥਾਰ ਅਫਸਰ ਹਾਜ਼ਰ ਸਨ।