ਮੁਹਿੰਮ ਦੌਰਾਨ 5 ਮਾਮਲੇ ਦਰਜ ਕਰਕੇ 6 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ
45 ਗ੍ਰਾਮ ਹੈਰੋਇਨ, 10 ਕਿਲੋ ਗ੍ਰਾਮ ਡੋਡੇ, 150 ਗ੍ਰਾਮ ਸੋਨਾ, 500 ਗ੍ਰਾਮ ਚਾਂਦੀ ਅਤੇ 6500 ਰੁਪਏ ਡਰੱਗ ਮਨੀ ਬਰਾਮਦ
ਨਸ਼ਾ ਤਸਕਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਲੋਕ ਪੁਲਿਸ ਨੂੰ ਸਹਿਯੋਗ ਕਰਨ – ਵਧੀਕ ਡਾਇਰੈਕਟਰ ਜਨਰਲ ਪੁਲਿਸ (ਅੰਦਰੂਨੀ ਸੁਰੱਖਿਆ)
ਮੋਗਾ (ਕਮਲ) :- ਜਾਬ ਸਰਕਾਰ ਵਲੋਂ ਸੂਬੇ ਵਿਚੋਂ 3 ਮਹੀਨੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਐਲਾਨ ਤੋਂ ਬਾਅਦ ਅੱਜ ਮੋਗਾ ਪੁਲਿਸ ਨੇ ਜ਼ਿਲ੍ਹੇ ਵਿੱਚ “ਯੁੱਧ ਨਸ਼ੇ ਦੇ ਵਿਰੁੱਧ”ਮੁਹਿੰਮ ਤਹਿਤ ਤਿੰਨ ਜਗ੍ਹਾ ਬਸਤੀ ਸਾਧਾਂਵਾਲੀ, ਐਮ ਪੀ ਬਸਤੀ ਮੋਗਾ, ਪਿੰਡ ਰਾਉਕੇ ਕਲਾਂ, ਪਿੰਡ ਚੂਹੜ ਚੱਕ ਅਤੇ ਪਿੰਡ ਦੌਲੇਵਾਲਾ ਵਿਖੇ ਕਾਰਡਨ ਅਤੇ ਸਰਚ ਅਪ੍ਰੇਸ਼ਨ (CASO) ਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਸਮਾਜ ਵਿਰੋਧੀ ਤੱਤਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਲੜਾਈ ਨੂੰ ਤੇਜ਼ ਕਰਨਾ ਹੈ ਅਤੇ ਨੱਥ ਪਾਉਣਾ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਅੰਦਰੂਨੀ ਸੁਰੱਖਿਆ) ਸ਼ਿਵੇ ਕੁਮਾਰ ਵਰਮਾ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਇਹ ਕਾਰਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਯੋਜਨਾ ਬੱਧ ਅਤੇ ਸਫਲ ਤੌਰ ਤੇ ਕੀਤੀ ਗਈ ਅਤੇ ਇਸ ਵਿੱਚ ਬਹੁਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ। ਇਸ ਮੁਹਿੰਮ ਦੌਰਾਨ 2 ਐੱਸ ਪੀ, 6 ਡੀ ਐੱਸ ਪੀ, 13 ਐਸ ਐਚ ਓ ਅਤੇ ਸੈਂਕੜੇ ਹੋਰ ਰੈਂਕ ਦੇ ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਵਿੱਚ ਨਿਯੁਕਤ ਕੀਤੇ ਗਏ।ਇਹ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਇੱਕੋ ਸਮੇਂ ਕਾਰਵਾਈ ਕਰ ਰਹੀਆਂ ਸਨ।



ਵਧੀਕ ਡਾਇਰੈਕਟਰ ਜਨਰਲ (ਅੰਦਰੂਨੀ ਸੁਰੱਖਿਆ) ਸ਼ਿਵੇ ਕੁਮਾਰ ਵਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੁਹਿੰਮ ਮੋਗਾ ਪੁਲਿਸ ਦੀ ਲੋਕਾਂ ਦੀ ਸੁਰੱਖਿਆ ਅਤੇ ਸੁਹਿਰਦੀ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮੋਗਾ ਪੁਲਿਸ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਜਾਰੀ ਰੱਖੇਗੀ ਤਾਂ ਜੋ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ ਅਤੇ ਸਮਾਜ ਨੂੰ ਨਸ਼ਿਆਂ ਅਤੇ ਅਪਰਾਧਕਰਤਾਵਾਂ ਤੋਂ ਬਚਾਇਆ ਜਾ ਸਕੇ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 5 ਮੁਕੱਦਮੇ ਦਰਜ ਕਰਕੇ 6 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਕੋਲੋਂ 45 ਗ੍ਰਾਮ ਹੈਰੋਇਨ, 10 ਕਿਲੋ ਗ੍ਰਾਮ ਡੋਡੇ, 150 ਗ੍ਰਾਮ ਸੋਨਾ, 500 ਗ੍ਰਾਮ ਚਾਂਦੀ ਅਤੇ 6500 ਰੁਪਏ ਨਗਦ ਡਰੱਗ ਮਨੀ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਅੱਜ ਦੀ ਮੁਹਿੰਮ ਦੌਰਾਨ ਮਿਲੀਆਂ ਹੋਰ ਉਪਲਬਧੀਆਂ ਤਹਿਤ 68 ਵਿਅਕਤੀਆਂ ਨੂੰ ਰੋਕ ਕੇ ਜਾਂਚ ਕੀਤੀ ਗਈ। ਕਈ ਗੱਡੀਆਂ ਚੈੱਕ ਕੀਤੀਆਂ ਗਈਆਂ।



ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਹਿਯੋਗ ਕਰਨ। ਸਹੀ ਸੂਚਨਾ ਪੁਲਿਸ ਨੂੰ ਦੇ ਕੇ ਉਹ ਆਪਣੇ ਪਰਿਵਾਰਾਂ ਨੂੰ ਬਚਾ ਸਕਦੇ ਹਨ। ਉਹਨਾਂ ਨੌਜਵਾਨਾਂ ਨੂੰ ਵੀ ਕਿਹਾ ਕਿ ਉਹ ਆਪਣੀ ਜਵਾਨੀ ਨੂੰ ਖਰਾਬ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਜਨਤਾ ਨੂੰ ਬੇਨਤੀ ਕਰਦੀ ਹੈ ਕਿ ਉਹ ਕੋਈ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਤਾਂ ਜੋ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ, ਐਸ ਪੀ ਬਾਲ ਕ੍ਰਿਸ਼ਨ ਸਿੰਗਲਾ ਅਤੇ ਹੋਰ ਵੀ ਹਾਜ਼ਰ ਸਨ।