ਮੁੜ ਵਸੇਬਾ ਕੇਂਦਰ ਜਨੇਰ ਦੀ ਅਚਨਚੇਤ ਚੈਕਿੰਗ, ਮਰੀਜ਼ਾਂ ਨੂੰ ਹਰੇਕ ਸੁਵਿਧਾ ਅਤੇ ਚੰਗਾ ਮਾਹੌਲ ਮੁਹਈਆ ਕਰਵਾਉਣ ਦੀ ਹਦਾਇਤ
ਇਲਾਜ਼ ਛੱਡ ਚੁੱਕੇ ਮਰੀਜ਼ਾਂ ਨਾਲ ਰਾਬਤਾ ਕਾਇਮ ਕਰਕੇ ਇਲਾਜ਼ ਮੁੜ ਸ਼ੁਰੂ ਕਰਵਾਇਆ ਜਾਵੇਗਾ – ਸਾਗਰ ਸੇਤੀਆ
ਮੋਗਾ (ਕਮਲ) :- ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅੱਜ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂ ਮਿਤਾ, ਡਾ. ਰਜੇਸ਼ ਮਿੱਤਲ ਡਿਪਟੀ ਮੈਡੀਕਲ ਕਮਿਸ਼ਨਰ, ਡਰੱਗ ਇੰਸਪੈਕਟਰ ਨਵਦੀਪ ਸੰਧੂ, ਰਵੀ ਗੁਪਤਾ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਹਾਜਰ ਸਨ।
ਇਸ ਮੀਟਿੰਗ ਵਿੱਚ ਉਹਨਾਂ ਵੱਲੋਂ ਨਸ਼ਿਆਂ ਨੂੰ ਖਤਮ ਕਰਨ, ਨਸ਼ਾ ਛੱਡਣ ਦੇ ਚਾਹਵਾਨ ਮਰੀਜਾਂ ਨੂੰ ਸਿਹਤ ਵਿਭਾਗ ਦੇ ਪੂਰਨ ਯੋਗਦਾਨ ਆਦਿ ਮਹੱਤਵਪੂਰਨ ਵਿਸ਼ਿਆਂ ਉੱਪਰ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਵਿੱਚ “ਯੁੱਧ ਨਸ਼ੇ ਦੇ ਵਿਰੁੱਧ”ਦੇ ਨਾਹਰੇ ਅਧੀਨ ਨਸ਼ਿਆਂ ਖ਼ਿਲਾਫ਼ ਲੜ੍ਹਾਈ ਹੋਰ ਤੇਜ਼ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਮਿਸਾਲੀ ਯਤਨ ਕੀਤੇ ਜਾਣਗੇ।
ਉਹਨਾਂ ਜ਼ਿਲ੍ਹੇ ਵਿੱਚ ਚੱਲ ਰਹੇ 18 ਓਟ ਸੈਂਟਰਾਂ, ਡੀ ਐਡੀਕਸ਼ਨ ਸੈਂਟਰਾਂ, ਰਿਹੈਬਲੀਟੇਸ਼ਨ ਸੈਂਟਰ ਬਾਰੇ ਵੀ ਵਿਸਥਾਰ ਸਹਿਤ ਰਿਪੋਰਟ ਲਈ ਅਤੇ ਇਹਨਾਂ ਦੇ ਕੰਮ-ਕਾਜ ਨੂੰ ਹੋਰ ਕਿਵੇਂ ਸੁਧਾਰਿਆ ਜਾ ਸਕਦਾ ਹੈ, ਬਾਰੇ ਵਿਉਂਤਬੰਦੀ ਕੀਤੀ ਗਈ। ਉਹਨਾਂ ਡਰੱਗ ਇੰਸਪੈਕਟਰਾਂ ਨੂੰ ਲਗਾਤਾਰ ਚੈਕਿੰਗਾਂ ਕਰਦੇ ਰਹਿਣ ਦੇ ਆਦੇਸ਼ ਜਾਰੀ ਕੀਤੇ ਅਤੇ ਡਿਫਾਲਟਰਾਂ ਉੱਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ। ਓਟ ਸੈਂਟਰਾਂ ਵਿੱਚ ਦਵਾਈਆਂ, ਸਟਾਫ ਅਤੇ ਹੋਰ ਸਹੂਲਤਾਂ ਬਾਰੇ ਵਿਸਥਾਰ ਨਾਲ ਰਿਪੋਰਟ ਲੈਣ ਤੋਂ ਬਾਅਦ ਕਿਹਾ ਕਿ ਮਰੀਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਉਹਨਾਂ ਵੱਲੋਂ ਪਿੰਡ ਜਨੇਰ ਸਥਿਤ ਮੁੜ ਵਸੇਬਾ ਕੇਂਦਰ ਦਾ ਵੀ ਦੌਰਾ ਕੀਤਾ। ਇਸ ਮੌਕੇ ਹਾਜ਼ਰ ਸਟਾਫ਼ ਨੂੰ ਹਦਾਇਤ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਰੀਜ਼ਾਂ ਨੂੰ ਹਰੇਕ ਸੁਵਿਧਾ ਅਤੇ ਚੰਗਾ ਮਾਹੌਲ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਹ ਇੱਥੋਂ ਇਕ ਵਧੀਆ ਪ੍ਰਭਾਵ ਅਤੇ ਸਿੱਖਿਆ ਲੈ ਕੇ ਜਾਣ। ਉਹਨਾਂ ਕਿਹਾ ਕਿ ਇਥੇ ਇਕ ਰਜਿਸਟਰ ਲਗਾਇਆ ਜਾਵੇ ਤਾਂ ਜੋ ਮਰੀਜ਼ ਆਪਣੇ ਵਿਚਾਰ ਦੇ ਸਕਣ। ਉਹਨਾਂ ਮਰੀਜ਼ਾਂ ਨੂੰ ਕਿਹਾ ਕਿ ਉਹ ਪ੍ਰਣ ਲੈਣ ਕਿ ਉਹ ਹੁਣ ਨਸ਼ਾ ਨਹੀਂ ਕਰਨਗੇ। ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰ ਜਨੇਰ ਵਿੱਚ ਹੁਣ ਤੱਕ 20742 ਮਰੀਜ਼ਾਂ ਦੀ ਰਜਿਸਟਰੇਸ਼ਨ ਹੋਈ ਹੈ। ਇਹਨਾਂ ਵਿਚੋਂ 7000 ਦੇ ਕਰੀਬ ਉਹ ਮਰੀਜ਼ ਹਨ, ਜਿੰਨਾ ਨੇ ਨਸ਼ਾ ਛੱਡਣ ਦਾ ਇਲਾਜ਼ ਤਾਂ ਸ਼ੁਰੂ ਕਰਵਾਇਆ ਪਰ ਉਹ ਪੂਰਾ ਨਹੀਂ ਕੀਤਾ। ਉਹਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਰੀਜ਼ਾਂ ਨਾਲ ਰਾਬਤਾ ਕਾਇਮ ਕਰਕੇ ਇਹ ਯਕੀਨੀ ਬਣਾਉਣ ਕਿ ਇਹਨਾਂ ਦਾ ਇਲਾਜ਼ ਮੁੜ ਸ਼ੁਰੂ ਕਰਵਾਇਆ ਜਾਵੇ।