ਮੋਗਾ (ਕਮਲ) :- ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ), ਪੰਜਾਬ ਧਰਮਪਾਲ ਮੋਰੀਆ ਵੱਲੋਂ ਜ਼ਿਲ੍ਹਾ ਮੋਗਾ ਵਿਚ ਦਾਲਾਂ ਦੀ ਖੇਤੀ ਹੇਠ ਰਕਬਾ ਵਧਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਉਨ੍ਹਾਂ ਦੱਸਿਆ ਕਿ ਆਪਣੇ ਦੇਸ਼ ਵਿਚ ਦਾਲਾਂ ਦੀ ਬਹੁਤ ਜਿਆਦਾ ਮੰਗ ਹੈ ਅਤੇ ਇਸ ਲਈ ਇਸ ਮੰਗ ਨੂੰ ਵੇਖਦੇ ਹੋਏ ਅਜੋਕੇ ਸਮੇਂ ਵਿਚ ਦਾਲਾਂ ਦੀ ਖੇਤੀ ਲਾਹੇਵੰਦ ਸਾਬਤ ਹੋਵੇਗੀ। ਦਾਲ ਦੀ ਮਨੁੱਖੀ ਜੀਵਨ ਵਿਚ ਅਹਿਮਤ ਹੈ ਕਿਉਂਕਿ ਸਰੀਰਕ ਵਿਕਾਸ ਲਈ ਪ੍ਰੋਟੀਨ ਅਤੇ ਹੋਰ ਖਣਿਜ ਪਦਾਰਥਾਂ ਦੀ ਪੂਰਤੀ ਦਾਲਾਂ ਵਿਚੋਂ ਕੀਤੀ ਜਾ ਸਕਦੀ ਹੈ। ਇਸ ਸਮੇਂ ਦੇਸ਼ ਵਿਚ ਦਾਲਾਂ ਦੀ ਪੂਰਤੀ ਕਰਨ ਲਈ ਦਾਲਾਂ ਨੂੰ ਹੋਰ ਦੇਸ਼ਾਂ ਤੋਂ ਮੰਗਵਾਉਣਾ ਪੈ ਰਿਹਾ ਹੈ। ਜੇਕਰ ਪੰਜਾਬ ਵਿਚ ਦਾਲਾਂ ਦੀ ਖੇਤੀ ਹੇਠ ਰਕਬਾ ਵਧਾਇਆ ਜਾਵੇ ਤਾਂ ਕਿਸਾਨ ਕਾਫੀ ਆਰਥਿਕ ਲਾਹਾ ਲੈ ਸਕਦੇ ਹਨ ਅਤੇ ਆਪਣੀ ਘਰੇਲੂ ਜਰੂਰਤਾਂ ਅਨੁਸਾਰ ਦਾਲਾਂ ਦੀ ਪ੍ਰਾਪਤ ਵੀ ਕਰ ਸਕਦੇ ਹਨ। ਛੋਲਿਆਂ ਦੀ ਖੇਤੀ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨ ਇਸ ਨੂੰ ਪਕਾਵੇਂ ਤੌਰ ਤੇ ਬੀਜਣ ਤਾਂ ਜੋ ਵੱਧ ਲਾਭ ਪ੍ਰਾਪਤ ਕਰ ਲਿਆ ਜਾਵੇ ਅਤੇ ਅਗਲੇ ਸਾਲਾਂ ਲਈ ਬੀਜ ਵੀ ਤਿਆਰ ਕੀਤਾ ਜਾ ਸਕੇ। ਇਸ ਲਈ ਦਾਲਾਂ ਦੀ ਕਾਸ਼ਤ ਕਰਨ ਲਈ ਯੋਗ ਉਪਰਾਲੇ ਕਰਨੇ ਯਕੀਨੀ ਬਣਾਏ ਜਾਣ।


ਇਸ ਮੀਟਿੰਗ ਤੋਂ ਬਾਅਦ ਧਰਮਪਾਲ ਮੋਰੀਆ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਵੱਲੋਂ ਪਿੰਡ ਕਪੂਰੇ ਵਿਖੇ ਕਿਸਾਨ ਜਗਜੀਤ ਸਿੰਘ ਦੇ ਛੋਲਿਆਂ ਦੇ ਖੇਤ ਦਾ ਦੌਰਾ ਕੀਤਾ ਗਿਆ ਅਤੇ ਫਸਲ ਦੀ ਸਥਿਤੀ ਨੂੰ ਵੇਖਿਆ ਗਿਆ।
ਇਸ ਮੌਕੇ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਮੋਗਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਦਾਲਾਂ ਦੀ ਕਾਸ਼ਤ ਕਰਨ ਲਈ ਕਿਸਾਨ ਕੈਂਪਾਂ, ਖੇਤੀ ਸਾਹਿਤ ਅਤੇ ਨਿੱਜੀ ਤੌਰ ਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਦਾਲਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਰਕਬੇ ਹੇਠ ਦਾਲਾਂ ਦੀ ਕਾਸ਼ਤ ਕਰਨ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਇਸ ਮੀਟਿੰਗ ਵਿਚ ਡਾ: ਗੁਰਪ੍ਰੀਤ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ, ਡਾ: ਸੁਖਰਾਜ ਕੌਰ ਖੇਤੀਬਾੜੀ ਅਫਸਰ (ਸਦਰਮੁਕਾਮ), ਡਾ. ਜਸ਼ਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ (ਦਾਲਾਂ), ਡਾ: ਗੁਰਕ੍ਰਿਪਾਲ ਸਿੰਘ, ਡਾ. ਨਵਦੀਪ ਸਿੰਘ, ਡਾ. ਗੁਰਬਾਜ ਸਿੰਘ, ਡਾ. ਬਲਜਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਮੋਹਣ ਸਿੰਘ, ਡਾ. ਜਗਦੀਪ ਸਿੰਘ ਖੇਤੀ ਵਿਕਾਸ ਅਫਸਰ ਅਤੇ ਤਰਨਜੀਤ ਸਿੰਘ ਅੰਕੜਾ ਸਹਾਇਕ ਸ਼ਾਮਲ ਸਨ।