ਇਹਨਾਂ ਕਰਜਿਆਂ ਨਾਲ ਹੁਣ 20 ਬੋਰੋਜ਼ਗਾਰ ਕਾਰੋਬਾਰ ਚਲਾ ਕੇ ਆਪਣੇ ਪੈਰਾਂ ਉਪਰ ਖੜ੍ਹੇ ਹੋਣਗੇ-ਰਣਬੀਰ ਸਿੰਘ
ਮੋਗਾ (ਕਮਲ) :- ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਲੋੜਵੰਦ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਵੈ-ਰੋਜ਼ਗਾਰ ਦਾ ਕਿੱਤਾ ਸ਼ੁਰੂ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਤਹਿਤ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਮੋਗਾ ਦੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਮਿਤੀ 21.02.2025 ਨੂੰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਅਫਸਰ ਸ੍ਰ. ਰਣਬੀਰ ਸਿੰਘ ਅਤੇ ਦਲਿੰਦਰ ਪ੍ਰਸਾਦ ਜ਼ਿਲ੍ਹਾ ਮੈਨੇਜਰ ਐਸ.ਸੀ.ਕਾਰਪੋਰੇਸ਼ਨ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾ ਨਾਲ ਸ੍ਰੀ ਨਿਰਮਲ ਸਿੰਘ ਡੀ.ਆਈ.ਸੀ ਦਫਤਰ, ਲੀਡ ਬੈਂਕ ਤੋਂ ਸੀ.ਪੀ. ਸਿੰਘ,ਐਨ.ਜੀ.ਓ. ਤੋਂ ਸ੍ਰੀ ਐਸ.ਕੇ.ਬਾਂਸਲ ਮੋਗਾ ਮੌਜੂਦ ਸਨ।
ਸਮਾਜਿਕ ਨਿਆਂ ਅਤੇ ਘੱਟ ਗਿਣਤੀ ਅਫ਼ਸਰ ਰਣਬੀਰ ਸਿੰਘ ਨੇ ਦੱਸਿਆ ਕਿ ਸਕਰੀਨਿੰਗ ਕਮੇਟੀ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗ ਉਮੀਦਵਾਰਾਂ ਨੂੰ ਵੱਖ-ਵੱਖ ਕੰਮਾਂ ਲਈ 8 ਬਿਨੈਕਾਰਾ ਨੂੰ 21 ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਅਤੇ ਬੈਂਕ ਟਾਈਅੱਪ ਸਕੀਮ ਅਧੀਨ 12 ਬਿਨੈਕਾਰਾਂ ਨੂੰ ਆਪਣਾ ਕੰਮ ਚਲਾਉਣ ਲਈ 17.35 ਲੱਖ ਦੇ ਕਰਜੇ ਮੰਨਜੂਰ ਕੀਤੇ ਗਏ। ਉਹਨਾਂ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਲੋੜਵੰਦ ਉਮੀਦਵਾਰਾਂ ਦੀ ਹਮੇਸ਼ਾ ਮੱਦਦ ਕਰਦੀ ਹੈ ਭਾਵੇਂ ਉਹ ਆਰਥਿਕ ਪੱਖ ਤੋਂ ਹੋਵੇ ਭਾਵੇਂ ਕਿਸੇ ਹੋਰ ਤੋਂ। ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਮਨਜੂਰ ਕੀਤੇ ਗਏ ਇਹਨਾਂ ਕਰਜਿਆਂ ਨਾਲ ਬੇਰੋਜ਼ਗਾਰਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਮੱਦਦ ਮਿਲੇਗੀ ਅਤੇ ਉਹ ਆਪਣਾ ਜੀਵਨ ਨਿਰਬਾਹ ਹੋਰ ਵੀ ਚੰਗੇ ਤਰੀਕੇ ਨਾਲ ਕਰ ਸਕਣਗੇ। ਉਹਨਾਂ ਕਿਹਾ ਕਿ ਹੁਨਰ ਰੱਖਣ ਵਾਲੇ ਲੋੜਵੰਦ ਨੌਜਵਾਨਾਂ ਨੂੰ ਪਹਿਲਾਂ ਵੀ ਕਾਰਪੋਰੇਸ਼ਨ ਤਰਫੋ ਕਰਜੇ ਮੁਹੱਈਆ ਕਰਵਾਏ ਜਾਂਦੇ ਸਨ ਅਤੇ ਅੱਗੇ ਵੀ ਇਹਨਾਂ ਦੀ ਇਸੇ ਤਰ੍ਹਾਂ ਮੱਦਦ ਜਾਰੀ ਰਹੇਗੀ। ਉਹਨਾਂ ਕਿਹਾ ਕਿ ਲੋੜਵੰਦ ਵਧੇਰੇ ਜਾਣਕਾਰੀ ਲਈ ਪੰਜਾਬ ਐਸ.ਸੀ.ਐੱਫ.ਸੀ.ਕਾਰਪੋਰੇਸ਼ਨ ਦਫਤਰ ਜੋ ਕਿ ਡਾ. ਅੰਬੇਦਕਰ ਭਵਨ,ਡੀ.ਸੀ ਕੰਪਲੈਕਸ ਮੋਗਾ ਵਿਖੇ ਸਥਿਤ ਹੈ ਨਾਲ ਸੰਪਰਕ ਕਰ ਸਕਦੇ ਹਨ।