95 ਫੂਡ ਬਿਜਨੈਸ ਆਪਰੇਟਰਾਂ ਨੂੰ ਦਿੱਤੀ ਫੂਡ ਸੇਫਟੀ ਦੀ ਟ੍ਰੇਨਿੰਗ-ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ
ਮੋਗਾ (ਕਮਲ) :- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਰਲ ਕੇ ਇਸ ਸਬੰਧੀ ਚੈਕਿੰਗਾਂ ਵੀ ਕਰ ਰਿਹਾ ਹੈ। ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ, ਦੁਕਾਨਾਂਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਕਰਾਵਾਈਆਂ ਕਰਨ ਤੋਂ ਇਲਾਵਾ ਕਮੇਟੀ ਵੱਲੋਂ ਫੂਡ ਸੇਫ਼ਟੀ ਪ੍ਰਤੀ ਜਾਗਰੂਕਤਾ ਮੁਹਿੰਮ ਨੂੰ ਵੀ ਹੁਣ ਹੋਰ ਤੇਜ਼ ਕਰ ਦਿੱਤਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਚਾਰੂਮਿਤਾ ਨੇ ਦੱਸਿਆ ਕਿ ਉਕਤ ਜਾਗਰੂਕਤਾ ਮੁਹਿੰਮ ਦੀ ਲੜੀ ਤਹਿਤ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਤੇ ਕੋਟ ਈਸੇ ਖਾਂ ਵਿਖੇ ਫੂਡ ਸੇਫਟੀ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਸਟਰੀਟ ਫੂਡ, ਰੈਸਟੋਰੈਂਟ ਅਤੇ ਫਾਸਟ ਫੂਡ ਵਿਕਰੇਤਾਵਾਂ ਨੂੰ ਫੂਡ ਸੇਫਟੀ ਦੀ ਟ੍ਰੇਨਿੰਗ ਵੀ ਦਿੱਤੀ ਗਈ, ਜਿਸ ਵਿੱਚ 95 ਫੂਡ ਬਿਜਨੈਸ ਅਪਰੇਟਰਜ ਨੇ ਭਾਗ ਲਿਆ। ਇਹ ਕੈਂਪ ਫੂਡ ਸੇਫਟੀ ਵਿਭਾਗ ਅਤੇ ਐਫ.ਐਸ.ਐਸ.ਏ.ਆਈ. ਨਵੀਂ ਦਿੱਲੀ ਤੋਂ ਮਨਜੂਰਸ਼ੁਦਾ ਟ੍ਰੇਨਿੰਗ ਫਰਮ ਤੋਂ ਕਰਵਾਏ ਗਏ।
ਕੈਂਪਾਂ ਦੀ ਅਗਵਾਈ ਕਰ ਰਹੇ ਫੂਡ ਸੇਫਟੀ ਅਫ਼ਸਰ ਲਵਦੀਪ ਸਿੰਘ ਨੇ ਦੱਸਿਆ ਇਹਨਾਂ ਕੈਂਪਾਂ ਵਿੱਚ ਹੋਟਲਾਂ, ਰੈਸਟੋਰੈਂਟਾਂ, ਮਠਿਆਈ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਦਾ ਫੂਡ ਸੇਫਟੀ ਲਾਇਸੰਸ ਬਣਾਉਣਾ ਕਿਉਂ ਜਰੂਰੀ ਹੈ ਅਤੇ ਇਸਨੂੰ ਕਿਹੜੇ ਮਾਧਿਅਮਾਂ ਨਾਲ ਬਣਾਇਆ ਜਾ ਸਕਦਾ ਹੈ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਵਿੱਚ ਦੱਸਿਆ ਗਿਆ ਕਿ ਖਾਣ ਪੀਣ ਦੀਆਂ ਵਸਤੂਆਂ ਨੂੰ ਢੱਕਣ ਅਤੇ ਰੈਪ ਕਰਨ ਵਿੱਚ ਅਖ਼ਬਾਰ ਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ।