ਅੰਮ੍ਰਿਤਸਰ (ਪ੍ਰਦੀਪ) :- ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਸ਼ੁਰੂ ਕੀਤੇ ਗਏ ‘ਫ਼ਿਊਚਰ ਟਾਈਕੁਨ’ ਪ੍ਰੋਗਰਾਮ ਸਬੰਧੀ ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ਼ (ਇਸਤਰੀਆਂ) ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਡਿਪਟੀ ਸੀ.ਈ.ਓ. ਜ਼ਿਲ੍ਹਾ ਰੁਜ਼ਗਾਰ ਦਫ਼ਤਰ ਸ. ਤੀਰਥਪਾਲ ਸਿੰਘ ਨੇ ਕਿਹਾ ਕਿ ‘ਫ਼ਿਊਚਰ ਟਾਈਕੂਨ’ ਪ੍ਰੋਗਰਾਮ ਦਾ ਮੁੱਖ ਟੀਚਾ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਵਪਾਰਕ ਪ੍ਰਤਿਭਾ ਨੂੰ ਇੱਕ ਲੋੜੀਂਦਾ ਮੰਚ ਪ੍ਰਦਾਨ ਕਰਨਾ ਹੈ।ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਔਰਤਾਂ ਲਈ ਅਪਲਾਈ ਕਰਨ ਦੀ ਇੱਕ ਵੱਖਰੀ ਕੈਟੇਗਰੀ ਬਣਾਈ ਗਈ ਹੈ, ਤਾਂ ਜੋ ਉਹਨਾਂ ਇਸਤਰੀਆਂ ਲਈ ਇੱਕ ਉੱਚਿਤ ਪਲੇਟਫ਼ਾਰਮ ਮੁਹਇਆ ਕਰਵਾਇਆ ਜਾ ਸਕੇ ਜੋ ਪਿਛਲੇ ਸਮਿਆਂ ਵਿੱਚ ਕਿਸੇ ਵੀ ਵਜ੍ਹਾ ਕਾਰਨ ਆਪਣੇ ਵਪਾਰਕ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੀਆਂ।ਉਹਨਾਂ ਕਾਲਜ਼ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ‘ਫ਼ਿਊਚਰ ਟਾਈਕੁਨ’ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਸ: ਤੀਰਥਪਾਲ ਸਿੰਘ ਨੇ ਕਿਹਾ ਕਿ ਪੂਰੇ ਸੰਸਾਰ ਵਿੱਚ ਅਨੇਕਾਂ ਉਦਾਹਰਣਾਂ ਮੌਜੂਦ ਹਨ,ਜਿੱਥੇ ਔਰਤਾਂ ਨੇ ਵਪਾਰ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ ਹੈ।ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਆਪਣਾ ਇੱਕ ਗੌਰਵਮਈ ਵਪਾਰਕ ਅਤੇ ਇਤਿਹਾਸਿਕ ਪਿਛੋਕੜ ਹੈ, ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਸਰਕਾਰ ਵਲੋਂ ਅੰਮ੍ਰਿਤਸਰ ਵਾਸੀਆਂ ਨੂੰ ਇਹ ਸੁਨਹਿਰਾ ਮੌਕਾ ਪ੍ਰਦਾਨ ਕੀਤਾ ਗਿਆ ਹੈ,ਜਿਸ ਰਾਹੀਂ ਆਪਣੀ ਵਪਾਰਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸਮਾਜ ਲਈ ਕੁੱਝ ਨਿਵੇਕਲਾ ਕਰ ਸਕਦੇ ਹਨ।ਉਹਨਾ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕੋਈ ਵੀ ਸ਼ਹਿਰ ਵਾਸੀ ਹਿੱਸਾ ਲੈ ਸਕਦਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ,ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣ।ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਵਲੋਂ ਆਪਣੇ ਬਿਨੈ ਪੱਤਰ ਭੇਜੇ ਗਏ ਹਨ।ਉਹਨਾਂ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਫ਼ਿਊਚਰ ਟਾਈਕੂਨ ਪ੍ਰੋਗਰਾਮ ਤਹਿਤ ਪ੍ਰਾਪਤ ਹੋਣ ਵਾਲੇ ਵਪਾਰਕ ਆਈਡੀਆ ਨੂੰ ਹਕੀਕਤ ਵਿੱਚ ਬਦਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਕਾਪੀਰਾਈਟ ਪ੍ਰਮੋਸ਼ਨ,ਮਾਹਰਾਂ ਦੀ ਰਾਇ ਅਤੇ ਹਰੇਕ ਲੋੜੀਂਦੀ ਸਹਾਇਤਾ ਦੇਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਪ੍ਰੋਜੈਕਟ ਨੂੰ 50 ਹਜ਼ਾਰ, ਦੂਸਰੇ ਸਥਾਨ ਨੂੰ 20 ਹਜ਼ਾਰ ਅਤੇ ਤੀਸਰੇ ਸਥਾਨ ਨੂੰ 10 ਹਜ਼ਾਰ ਦਾ ਨਗਦ ਇਨਾਮ ਵੀ ਦਿੱਤਾ ਜਾਵੇਗਾ।ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਹੋਰ ਵਧੀਆ ਤਰੀਕੇ ਨਾਲ ਨੇਪਰੇ ਚੜਾਉਣ ਲਈ ਆਈ.ਆਈ.ਐਮ, ਗੁਰੂ ਨਾਨਕ ਦੇਵ ਯੂਨੀਵਰਸਿਟੀ,ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਪੀਐਚਡੀ ਚੈਂਬਰ ਵੱਲੋਂ ਵੀ ਹਰੇਕ ਤਰ੍ਹਾਂ ਦੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕਿਊਆਰ ਕੋਡ ਵੀ ਲਾਂਚ ਕੀਤਾ ਗਿਆ ਹੈ, ਜਿਸ ਤੇ ਸਕੈਨਿੰਗ ਕਰਕੇ ਆਪਣਾ ਆਈਡੀਆ ਰਜਿਸਟਰ ਕੀਤਾ ਜਾ ਸਕਦਾ ਹੈ।ਨਾਲ ਹੀ ਫੋਨ ਨੰਬਰ 9915789068 ਉੱਤੇ ਸੰਪਰਕ ਕਰਕੇ ਵੀ ਸਹਾਇਤਾ ਲਈ ਜਾ ਸਕਦੀ ਹੈ।ਇਸ ਮੌਕੇ ਕਾਲਜ਼ ਦੇ ਕਾਰਜਕਾਰੀ ਪ੍ਰਿੰਸੀਪਲ ਸੁਰਿੰਦਰ ਕੌਰ,ਕੈਰੀਅਰ ਕਾਉਂਸਲਰ ਗੌਰਵ ਕੁਮਾਰ, ਚੈਤਨਿਆ ਸਹਿਗਲ, ਪੰਕਜ ਕੁਮਾਰ ਸ਼ਰਮਾ,ਪੋ੍ਫੈਸਰ ਵੰਦਨਾ ਅਰੋੜਾ, ਪੋ੍ਫੈਸਰ ਵੰਦਨਾ ਬਜਾਜ, ਪੋ੍ਫੈਸਰ ਮਨਜੀਤ ਕੌਰ, ਪੋ੍ਫੈਸਰ ਅਮਨਦੀਪ ਕੌਰ ਭੱਟੀ ਅਤੇ ਪੋ੍ਫੈਸਰ ਕਿਰਨਜੀਤ ਕੌਰ ਵੀ ਹਾਜ਼ਰ ਸਨ।
