ਅੰਮ੍ਰਿਤਸਰ (ਪ੍ਰਦੀਪ) :- ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਆਮ ਲੋਕਾਂ,ਵਿਦਿਆਰਥੀਆਂ, ਮਹਿਲਾਵਾਂ, ਦਿਵਿਆਂਗਜਨਾਂ ਅਤੇ ਸੈਰ ਸਪਾਟਾ ਸਨਅਤ ਨਾਲ ਜੁੜੇ ਅੰਮ੍ਰਿਤਸਰ ਵਾਸੀਆਂ ਦੀ ਵਪਾਰਕ ਪ੍ਰਤਿਭਾ ਨੂੰ ਲੋੜੀਂਦਾ ਮੰਚ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਗਏ ‘ਫ਼ਿਊਚਰ ਟਾਈਕੁਨ’ ਪ੍ਰੋਗਰਾਮ ਸਬੰਧੀ ਸਥਾਨਕ ਹਿੰਦੂ ਸਭਾ ਕਾਲਜ਼ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਕਾਲਜ ਦੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਡਿਪਟੀ ਸੀ ਈ ਓ ਜਿਲੵਾ ਰੁਜ਼ਗਾਰ ਦਫ਼ਤਰ ਤੀਰਥਪਾਲ ਸਿੰਘ ਨੇ ਕਿਹਾ ਕਿ ‘ਫ਼ਿਊਚਰ ਟਾਈਕੂਨ’ ਪ੍ਰੋਗਰਾਮ ਸਾਰੇ ਅੰਮ੍ਰਿਤਸਰ ਵਾਸੀਆਂ ਲਈ ਇੱਕ ਸੁਨਹਿਰਾ ਮੌਕਾ ਹੈ, ਜਿਸ ਰਾਹੀੰ ਉਹ ਆਪਣੀ ਵਪਾਰਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸਮਾਜ ਲਈ ਕੁੱਝ ਨਿਵੇਕਲਾ ਕਰ ਸਕਦੇ ਹਨ।


ਉਹਨਾ ਕਿਹਾ ਕਿ ਖਾਸ ਕਰਕੇ ਵਿਿਦਆਰਥੀਆਂ ਨੂੰ ਇਸ ਮੌਕੇ ਦਾ ਜ਼ਰੁਰ ਲਾਭ ਲੈਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ,ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਣ।ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਵਲੋਂ ਆਪਣੇ ਬਿਨੈ ਪੱਤਰ ਭੇਜੇ ਗਏ ਹਨ।ਉਹਨਾਂ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਫ਼ਿਊਚਰ ਟਾਈਕੂਨ ਪ੍ਰੋਗਰਾਮ ਤਹਿਤ ਪ੍ਰਾਪਤ ਹੋਣ ਵਾਲੇ ਵਪਾਰਕ ਆਈਡੀਆ ਨੂੰ ਹਕੀਕਤ ਵਿੱਚ ਬਦਲਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਕਾਪੀਰਾਈਟ ਪ੍ਰਮੋਸ਼ਨ,ਮਾਹਰਾਂ ਦੀ ਰਾਇ ਅਤੇ ਹਰੇਕ ਲੋੜੀਂਦੀ ਸਹਾਇਤਾ ਦੇਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਵਿਦਿਆਰਥੀਆਂ, ਨੌਜਵਾਨਾਂ, ਮਹਿਲਾਵਾਂ, ਦਿਵਿਆਂਗਜਨਾਂ, ਛੋਟੇ-ਵੱਡੇ ਕਾਰੋਬਾਰੀਆਂ ਅਤੇ ਸੈਰ ਸਪਾਟਾ ਸਨਅਤ ਨਾਲ ਜੁੜੇ ਲੋਕਾਂ ਦੀਆਂ ਵੱਖ-ਵੱਖ ਕੈਟੀਗਈਆਂ ਬਣਾਈਆਂ ਗਈਆਂ ਹਨ।ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਪ੍ਰੋਜੈਕਟ ਨੂੰ 50 ਹਜ਼ਾਰ, ਦੂਸਰੇ ਸਥਾਨ ਨੂੰ 20 ਹਜ਼ਾਰ ਅਤੇ ਤੀਸਰੇ ਸਥਾਨ ਨੂੰ 10 ਹਜ਼ਾਰ ਦਾ ਨਗਦ ਇਨਾਮ ਵੀ ਦਿੱਤਾ ਜਾਵੇਗਾ।


ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਬਤੌਰ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਲੁਧਿਆਣਾ ਵਿੱਚ ਵੀ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਵੱਡੀ ਸਫ਼ਲਤਾ ਮਿਲੀ ਸੀ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਹੋਰ ਵਧੀਆ ਤਰੀਕੇ ਨਾਲ ਨੇਪਰੇ ਚੜਾਉਣ ਲਈ ਆਈ.ਆਈ.ਐਮ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਪੀਐਚਡੀ ਚੈਂਬਰ ਵੱਲੋਂ ਵੀ ਹਰੇਕ ਤਰ੍ਹਾਂ ਦੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀ ਸਹੂਲਤ ਲਈ ਕਿਊ ਆਰ ਕੋਡ ਵੀ ਲਾਂਚ ਕੀਤਾ ਗਿਆ ਹੈ, ਜਿਸ ਤੇ ਸਕੈਨਿੰਗ ਕਰਕੇ ਆਪਣਾ ਆਈਡੀਆ ਰਜਿਸਟਰ ਕੀਤਾ ਜਾ ਸਕਦਾ ਹੈ।ਨਾਲ ਹੀ ਫੋਨ ਨੰਬਰ 9915789068 ਉੱਤੇ ਸੰਪਰਕ ਕਰਕੇ ਵੀ ਸਹਾਇਤਾ ਲਈ ਜਾ ਸਕਦੀ ਹੈ।ਇਸ ਸੈਮੀਨਾਰ ਵਿੱਚ ਕਾਲਜ਼ ਵਿਦਆਰਥੀਆਂ ਵਲੋਂ ਆਪਣੇ ਨਿਵੇਕਲੇ ਆਈਡਿਆ ਵੀ ਸਾਂਝੇ ਕੀਤੇ ਗਏ।ਇਸ ਮੌਕੇ ਰੋਜ਼ਗਾਰ ਅਫ਼ਸਰ ਮੁਕੇਸ਼ ਸਾਰੰਗਲ, ਪ੍ਰਿੰਸੀਪਲ ਸੰਜੇ ਖੰਨਾ, ਡਾਇਰੈਕਟਰ ਰਾਕੇਸ਼ ਜੋਸ਼ੀ, ਅਸ਼ੋਕ ਸੇਠੀ, ਪ੍ਰੋ. ਰਿਤੂ ਜੇਤਲੀ, ਚੈਤਨਿਆ ਸਹਿਗਲ, ਅਭਿਸ਼ੇਕ ਅਤੇ ਪੰਕਜ ਕੁਮਾਰ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।