ਕਿਸਾਨ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ- ਡਾ. ਗਿੱਲ
ਕਿਹਾ ! ਖੇਤੀ ਡੀਲਰ ਸਿਰਫ ਸ਼ਿਫਾਰਿਸ਼ਸ਼ੁਦਾ ਖੇਤੀ ਇਨਪੁਟਸ ਦੀ ਵਿਕਰੀ ਪੱਕੇ ਬਿੱਲ ਤੇ ਹੀ ਕਰਨ
ਮੋਗਾ (ਕਮਲ) :- ਖੇਤੀਬਾੜੀ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਉਚ ਮਿਆਰ ਦੇ ਖੇਤੀ ਇਨਪੁਟਸ ਮੁਹੱਈਆ ਕਰਾਉਣ ਲਈ ਡਾ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਾਂ ਅਧੀਨ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਅਗਵਾਈ ਹੇਠ ਜ਼ਿਲ੍ਹਾ ਫਲਾਇੰਗ ਸਕੂਏਡ ਟੀਮ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਵਿਚ ਸਥਿਤ ਖੇਤੀ ਇਨਪੁਟਸ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦਾ ਮੁੱਖ ਮੰਤਵ ਕਿਸਾਨਾਂ ਨੂੰ ਉਚ ਮਿਆਰ ਦੇ ਖੇਤੀ ਇਨਪੁਟਸ ਬਿਨਾਂ ਕਿਸੇ ਟੈਗਿੰਗ ਅਤੇ ਨਿਰਧਾਰਤ ਰੇਟ ਤੇ ਮੁਹੱਈਆ ਕਰਾਉਣਾ ਹੈ। ਇਸ ਟੀਮ ਵਿਚ ਡਾ: ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ, ਡਾ: ਖੁਸ਼ਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਮੋਗਾ ਅਤੇ ਪ੍ਰਦੀਪ ਕੁਮਾਰ ਖੇਤੀਬਾੜੀ ਸਬ-ਇੰਸਪੈਕਟਰ ਸ਼ਾਮਲ ਸਨ।
ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਇਸ ਟੀਮ ਵੱਲੋਂ ਬਲਾਕ ਦੇ ਵੱਖ ਵੱਖ ਖੇਤੀ ਡੀਲਰਾਂ ਤੋਂ ਕੈਮੀਕਲ ਅਤੇ ਬਾਇਓ ਪੈਸਟੀਸਾਈਡਜ਼ ਦੇ 3 ਸੈਂਪਲ ਭਰੇ ਗਏ ਜਿਨ੍ਹਾਂ ਨੂੰ ਪਰਖ ਕਰਾਉਣ ਲਈ ਲੈਬਾਟਰੀਆਂ ਨੂੰ ਭੇਜਿਆ ਗਿਆ ਅਤੇ ਨਤੀਜਿਆਂ ਦੇ ਅਧਾਰ ਤੇ ਹੀ ਇਨਸੈਕਟੀਸਾਈਡ ਐਕਟ 1968 ਅਤੇ ਰੂਲਜ਼ 1971 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਟੀਮ ਵੱਲੋਂ ਡੀਲਰਜ਼ ਦਾ ਮੁੰਕਮਲ ਰਿਕਾਰਡ ਚੈਕ ਕੀਤਾ ਗਿਆ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਕੋਈ ਵੀ ਖੇਤੀ ਇਨਪੁਟਸ ਦੀ ਵਿਕਰੀ ਬਿਨਾਂ ਬਿੱਲ ਤੋਂ ਕਿਸਾਨਾਂ ਨੂੰ ਨਾ ਕੀਤੀ ਜਾਵੇ।
ਚੈਕਿੰਗ ਦੌਰਾਨ ਡਾ ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਕੋਈ ਵੀ ਡੀਲਰ ਬਿਨਾਂ ਬਿੱਲ ਤੋਂ ਅਤੇ ਸਿਰਫ ਸਿਫਾਰਸ਼ੁਦਾ ਖੇਤੀ ਸਮੱਗਰੀ ਦੀ ਹੀ ਵਿਕਰੀ ਕਰੇ। ਜੇਕਰ ਕੋਈ ਡੀਲਰ ਅਣਅਧਿਕਾਰਤ ਖੇਤੀ ਸਮੱਗਰੀ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਨਿਯਮਾਂ ਅਨੁਸਾਰ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਣਕ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਅਤੇ ਜੇਕਰ ਕਿਤੇ ਪੀਲੀ ਕੁੰਗੀ ਦਾ ਹਮਲਾ ਵੇਖਣ ਵਿਚ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਅਤੇ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਉੱਲੀਨਾਸ਼ਕ ਦਵਾਈਆਂ ਦਾ ਸਪਰੇ ਕਰਨ। ਬਿਨਾਂ ਜ਼ਰੂਰਤ ਤੋਂ ਬੇਲੋੜੀਆਂ ਸਪਰੇਆਂ ਕਰਨ ਤੋਂ ਕਿਸਾਨ ਗੁਰੇਜ਼ ਕਰਨ।