ਹਰ ਸਕੂਲ ਮੁਖੀ ਸੁਰੱਖਿਅਤ ਸਕੂਲ ਵਾਹਨ ਨਿਯਮਾਂ ਦੀ ਪਾਲਣਾ ਲਈ ਪਾਬੰਦ – ਡਿਪਟੀ ਕਮਿਸ਼ਨਰ

ਜਖਮੀਆਂ ਦੇ ਇਲਾਜ ਲਈ ਮੈਡੀਕਲ ਕਾਲਜ ਵਿੱਚ ਬਣੇਗਾ ਇਲਾਜ ਕੇਂਦਰ

ਅੰਮ੍ਰਿਤਸਰ (ਪ੍ਰਦੀਪ) :- ਸੜਕ ਸੁਰੱਖਿਆ ਸਬੰਧੀ ਕੀਤੀ ਗਈ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਕੂਲ ਮੁਖੀਆਂ ਨੂੰ ਮੁਖਾਤਿਬ ਹੁੰਦੇ ਸਪਸ਼ਟ ਕੀਤਾ ਕਿ ਹਰ ਸਕੂਲ ਮੁਖੀ ਸੁਰੱਖਿਆ ਸਕੂਲ ਵਾਹਨ ਨਿਯਮਾਂ ਦੀ ਪਾਲਣਾ ਲਈ ਪਾਬੰਦ ਹੈ। ਉਹਨਾਂ ਕਿਹਾ ਕਿ ਹਰੇਕ ਸਕੂਲ ਮੁਖੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਕੂਲ ਵਿੱਚ ਆਉਂਦੇ ਬੱਚਿਆਂ ਦੇ ਵਾਹਨਾਂ ਦੀ ਜਾਂਚ ਕਰੇ ਕਿ ਕੀ ਉਹ ਵਾਹਨ ਬੱਚਿਆਂ ਦੀ ਸੁਰੱਖਿਆ ਲਈ ਯੋਗ ਹੈ ਅਤੇ ਕੀ ਉਹ ਸਰਕਾਰ ਵੱਲੋਂ ਸੁਰੱਖਿਆ ਲਈ ਤੈਅ ਕੀਤੇ ਹੋਏ ਨਿਯਮਾਂ ਨੂੰ ਪੂਰੇ ਕਰ ਰਿਹਾ ਹੈ? ਉਹਨਾਂ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਕੂਲ ਮੁਖੀਆਂ ਨੂੰ ਇਸ ਸਬੰਧੀ ਹਦਾਇਤਾਂ ਕਰਨ ਅਤੇ ਉਨਾਂ ਕੋਲੋਂ ਸਰਟੀਫਿਕੇਟ ਲੈਣ ਕਿ ਉਹਨਾਂ ਦੇ ਸਕੂਲ ਵਿੱਚ ਆ ਰਹੀਆਂ ਬੱਸਾਂ ਬੱਚਿਆਂ ਦੀ ਸੁਰੱਖਿਆ ਲਈ ਬਿਲਕੁਲ ਸੁਰੱਖਿਅਤ ਹਨ। ਸੜਕਾਂ ਉੱਤੇ ਹੋ ਰਹੇ ਹਾਦਸੇ ਘੱਟ ਕਰਨ ਲਈ ਉਹਨਾਂ ਨੇ ਜਿੱਥੇ ਸੜਕਾਂ ਦੇ ਆਲੇ ਦੁਆਲੇ ਲੱਗੀ ਹੋਈ ਬੂਟੀ ਨੂੰ ਸਾਫ ਕਰਨ ਦੀ ਹਦਾਇਤ ਕੀਤੀ, ਉੱਥੇ ਹਰ ਲੋੜ ਵਾਲੇ ਥਾਂ ਉੱਤੇ ਚਿੱਟੀ ਪੱਟੀ, ਰਿਫਲੈਕਟਰ ਲਗਾਉਣ ਅਤੇ ਟਰੈਫਿਕ ਲਾਈਟਾਂ ਚਾਲੂ ਕਰਨ ਲਈ ਕਿਹਾ। ਉਹਨਾਂ ਸੈਕਟਰੀ ਆਰ ਟੀ ਏ ਨੂੰ ਓਵਰਲੋਡਿੰਗ ਵਾਹਨ ਮੁਕੰਮਲ ਤੌਰ ਉੱਤੇ ਰੋਕਣ ਦੀ ਹਦਾਇਤ ਕਰਦੇ ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰੇਕ ਸੜਕ ਉੱਤੇ ਸੜਕ ਬਣਾਉਣ ਵਾਲੇ ਠੇਕੇਦਾਰ ਦਾ ਨਾਂ ਦਰਸਾਉਂਦੇ ਹੋਏ ਬੋਰਡ ਅਤੇ ਬਣਨ ਦੀ ਤਰੀਕ ਜਰੂਰ ਲਗਾਉਣ। ਡਿਪਟੀ ਕਮਿਸ਼ਨਰ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਵਿਭਾਗ ਜੋ ਸੜਕ ਬਣਾ ਰਿਹਾ ਹੈ ਉਹ ਸੜਕ ਦੀ ਕੁਆਲਿਟੀ ਚੈੱਕ ਕਰਨ ਵਿੱਚ ਕੁਤਾਹੀ ਨਾ ਕਰੇ। ਉਹਨਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਅਤੇ ਟਰੈਫਿਕ ਵਿੱਚ ਆਉਂਦੀਆਂ ਰੁਕਾਵਟਾਂ ਦੂਰ ਕਰਨੀਆਂ ਬੇਸ਼ਕੀਮਤੀ ਜਾਨਾਂ ਬਚਾਉਣ ਲਈ ਬੇਹੱਦ ਜਰੂਰੀ ਹਨ ਅਤੇ ਇਸ ਲਈ ਜੇਕਰ ਕਿਸੇ ਵਿਭਾਗ ਨੂੰ ਵੀ ਕੰਮ ਕਰਾਉਣ ਲਈ ਪੈਸੇ ਦੀ ਲੋੜ ਹੈ ਤਾਂ ਡਿਪਟੀ ਕਮਿਸ਼ਨਰ ਦਫਤਰ ਪੈਸੇ ਦਾ ਪ੍ਰਬੰਧ ਕਰੇਗਾ। ਉਹਨਾਂ ਦੱਸਿਆ ਕਿ ਮੈਡੀਕਲ ਕਾਲਜ ਵਿੱਚ ਸੜਕੀ ਹਾਦਸਿਆਂ ਦੌਰਾਨ ਜਖਮੀ ਹੋਣ ਵਾਲੇ ਲੋਕਾਂ ਦੇ ਇਲਾਜ ਲਈ ਵਿਸ਼ੇਸ਼ ਕੇਂਦਰ ਬਣਾਉਣ ਵਾਸਤੇ ਫੰਡ ਦਿੱਤੇ ਗਏ ਹਨ ਅਤੇ ਇਹ ਕੇਂਦਰ ਛੇਤੀ ਹੀ ਚਾਲੂ ਹੋਵੇਗਾ। ਇਸ ਮੌਕੇ ਸੈਕਟਰੀ ਆਰਟੀਏ ਖੁਸ਼ਦਿਲ ਸਿੰਘ, ਡੀਡੀਪੀਓ ਸੰਦੀਪ ਮਲਹੋਤਰਾ, ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

अलायंस क्लब्स इंटरनेशनल जिला 126-एन द्वारा हिमालयन मोटरसाइकिल रैली का आयोजन — “राष्ट्रीय एकता के लिए एक अभियान”

जालंधर (अरोड़ा) :- ऐसोसिएशन आफ अलायंस क्लब इंटरनेशनल के जिला126-ऐन ने देश में एकता और …

Leave a Reply

Your email address will not be published. Required fields are marked *