ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ ‘ਪੰਜ-ਆਬ ਦੇ ਸ਼ਾਹ ਅਸਵਾਰ’ ਰਿਲੀਜ਼

ਯੂ.ਐਮ.ਟੀ. ਲਾਹੌਰ ਵਿਖੇ ਨਵਦੀਪ ਸਿੰਘ ਗਿੱਲ ਦੀ ਪੁਸਤਕ ਉੱਪਰ ਹੋਈ ਭਰਵੀਂ ਚਰਚਾ
ਖੇਡਾਂ ਦੋ ਦੇਸ਼ਾਂ ਨੂੰ ਜੋੜਨ ਲਈ ਪੁਲ ਦਾ ਕੰਮ ਕਰਦੀਆਂ: ਤੌਕੀਰ ਦਾਰ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਇਕ ਮਾਲਾ ਵਿੱਚ ਪਰੋਣਾ ਸ਼ੁਭ ਸ਼ਗਨ: ਗੁਰਭਜਨ ਸਿੰਘ ਗਿੱਲ
ਸਾਂਝੇ ਪੰਜਾਬ ਦੇ ਖਿਡਾਰੀਆਂ ਦੀ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਛਪੀ ਕਿਤਾਬ ਦੋਵੇਂ ਪੰਜਾਬ ਪੜ੍ਹਨਗੇ: ਆਬਿਦ ਸ਼ੇਰਵਾਨੀ

ਅੰਮ੍ਰਿਤਸਰ (ਪ੍ਰਦੀਪ) :- ਪਾਕਿਸਤਾਨ ਹਾਕੀ ਦੇ ਦਿੱਗਜ਼ ਓਲੰਪੀਅਨਾਂ ਵੱਲੋਂ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਲਿਖੀ ਨਵੀਂ ਪੁਸਤਕ ‘ਪੰਜ-ਆਬ ਦੇ ਸ਼ਾਹ ਅਸਵਾਰ’ ਨੂੰ ਰਿਲੀਜ਼ ਕੀਤਾ ਗਿਆ। ਯੂਨੀਵਰਸਿਟੀ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਯੂ.ਐਮ.ਟੀ.) ਲਾਹੌਰ ਵਿਖੇ ਹੋਏ ਇਸ ਸਮਾਰੋਹ ਦੌਰਾਨ ਪੁਸਤਕ ਉੱਪਰ ਹੋਈ ਭਰਵੀਂ ਚਰਚਾ ਹੋਈ। ਯੂ.ਐਮ.ਟੀ. ਦੇ ਡਾਇਰੈਕਟਰ ਤੇ ਸਾਬਕਾ ਹਾਕੀ ਖਿਡਾਰੀ ਆਬਿਦ ਸ਼ੇਰਵਾਨੀ ਦੇ ਸੱਦੇ ਉੱਪਰ ਹੋਏ ਇਸ ਸਮਾਰੋਹ ਦੌਰਾਨ ਪਾਕਿਸਤਾਨ ਦੇ ਹਾਕੀ ਓਲੰਪਿਕਸ ਗੋਲਡ ਮੈਡਲਿਸਟ ਤੌਕੀਰ ਦਾਰ, ਵਿਸ਼ਵ ਕੱਪ ਵਿਜੇਤਾ ਤੇ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਖਿਡਾਰੀ ਤੇ ਸਾਬਕਾ ਹਾਕੀ ਕੋਚ ਤਾਹਿਰ ਜਮਾਂ, ਓਲੰਪੀਅਨ
ਰੇਹਾਨ ਬੱਟ, ਏਸ਼ੀਅਨ ਹਾਕੀ ਫੈਡਰੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਤੇ ਸਾਬਕਾ ਹਾਕੀ ਖਿਡਾਰੀ ਗੁਲਾਮ ਗੋਸ਼ ਅਤੇ ਸਾਬਕਾ ਕੌਮੀ ਅਥਲੈਟਿਕਸ ਕੋਚ ਅਤੇ ਮਹਾਨ ਅਥਲੀਟ ਅਬਦੁਲ ਖਾਲਿਕ ਦੇ ਬੇਟੇ ਮੁਹੰਮਦ ਇਜ਼ਾਜ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਦੀ ਇਸ ਸਾਂਝੀ ਕਿਤਾਬ ਦਾ ਸਵਾਗਤ ਕਰਦਿਆਂ ਇਸ ਨੂੰ ਵੱਡਾ ਉਪਰਾਲਾ ਦੱਸਿਆ।


ਕਿਤਾਬ ਰਿਲੀਜ਼ ਦੀ ਰਸਮ ਨਿਭਾਉਣ ਵਾਲਿਆ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਆਈ.ਏ.ਐਸ. ਤੇ ਕੌਮਾਂਤਰੀ ਸਾਈਕਲਿਸਟ ਅੰਮ੍ਰਿਤ ਕੌਰ ਗਿੱਲ, ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਲੇਖਕ ਗੁਰਪ੍ਰੀਤ ਸਿੰਘ ਤੂਰ, ਵਿਸ਼ਵ ਪੰਜਾਬੀ ਸਭਾ ਦੇ ਸਰਪ੍ਰਸਤ ਇੰਦਰਜੀਤ ਸਿੰਘ ਬੱਲ ਟੋਰੰਟੋ ਤੇ ਮਲਟੀ ਨੈਸ਼ਨਲ ਕੰਪਨੀ ਦੇ ਚੀਫ਼ ਇੰਜਨੀਅਰ ਗੁਰਭਜਨ ਸਿੰਘ ਗਿੱਲ ਵੀ ਸ਼ਾਮਲ ਸਨ। ਓਲੰਪੀਅਨ ਹਾਕੀ ਖਿਡਾਰੀ ਤੌਕੀਰ ਦਾਰ ਨੇ ਕਿਹਾ ਕਿ ਖੇਡਾਂ ਦੋ ਦੇਸ਼ਾਂ ਨੂੰ ਜੋੜਨ ਲਈ ਪੁਲ ਦਾ ਕੰਮ ਕਰਦੀਆਂ ਹਨ। ਉਨ੍ਹਾਂ ਭਾਰਤੀ ਹਾਕੀ ਖਿਡਾਰੀਆਂ ਨਾਲ ਸਾਂਝਾ ਦੀ ਗੱਲ ਕਰਦਿਆਂ ਕਿਹਾ ਕਿ ਮਰਹੂਮ ਖਿਡਾਰੀ ਸੁਰਜੀਤ ਸਿੰਘ ਰੰਧਾਵਾ ਨਾਲ ਉਨ੍ਹਾਂ ਦਾ ਬਹੁਤ ਪਿਆਰ ਸੀ। ਸੁਰਜੀਤ ਸਿੰਘ ਵੱਲੋਂ ਰਖਵਾਏ ਦੋਸਤਾਨਾ ਮੈਚ ਨੂੰ ਖੇਡਣ ਲਈ 1984 ਵਿੱਚ ਉਨ੍ਹਾਂ ਭਾਰਤ ਆਉਣਾ ਸੀ ਪਰ ਬਦਕਿਸਮਤੀ ਨਾਲ ਉਸ ਮੈਚ ਬਾਰੇ ਗੱਲਬਾਤ ਕਰਨ ਤੋਂ ਬਾਅਦ ਭਾਰਤ ਪੁੱਜਦਿਆਂ ਸੁਰਜੀਤ ਸਿੰਘ ਜਲੰਧਰ ਨੇੜੇ ਹਾਦਸੇ ਵਿੱਚ ਸਾਨੂੰ ਅਲਵਿਦਾ ਆਖ ਗਿਆ। ਪਾਕਿਸਤਾਨ ਦੇ ਖਿਡਾਰੀਆਂ ਨੇ ਸੁਰਜੀਤ ਦੇ ਜਾਣ ਤੇ ਬੜਾ ਸੋਗ ਮਨਾਇਆ। ਭਾਰਤੀ ਵਫ਼ਦ ਵਿੱਚ ਸ਼ਾਮਲ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਿਹਾ ਕਿਹਾ ਪਹਿਲੀ ਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਇਕ ਮਾਲਾ ਵਿੱਚ ਪਰੋਂਦਿਆਂ ਕਿਤਾਬ ਲਿਖੀ ਗਈ ਹੈ। ਦੋਵੇਂ ਪੰਜਾਬਾਂ ਦੇ ਚੋਟੀ ਦੇ 15-15 ਖਿਡਾਰੀਆਂ ਨੂੰ ਸ਼ਾਮਲ ਕਰਦਿਆਂ ਰੇਖਾ ਚਿੱਤਰ ਲਿਖੇ ਗਏ ਹਨ। ਪੰਜਾਬੀ ਵਿੱਚ ਪਹਿਲੀ ਵਾਰ ਲਿਖੀ ਗਈ ਅਜਿਹੀ ਨਿਵੇਕਲੀ ਕਿਤਾਬ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਬਰਾਬਰ ਛਪੀ ਹੈ। ਗੁਰਮੁਖੀ ਦੀ ਕਿਤਾਬ ਨੂੰ ਲੋਕਗੀਤ ਪ੍ਰਕਾਸ਼ਨ (ਯੂਨੀ ਸਟਾਰ)ਮੋਹਾਲੀ ਨੇ ਛਾਪਿਆ ਹੈ ਜਦੋਂ ਕਿ ਸ਼ਾਹਮੁਖੀ ਦੀ ਕਿਤਾਬ ਨੂੰ ਆਸਿਫ਼ ਰਜ਼ਾ ਵੱਲੌਂ ਲਾਹੌਰ ਦੀ ਸਾਂਝਾ ਵਿਰਸਾ ਸੰਸਥਾ ਨੇ ਛਾਪਿਆ ਹੈ। ਨਵਦੀਪ ਸਿੰਘ ਗਿੱਲ ਦੀ ਇਹ 14ਵੀਂ ਪੁਸਤਕ ਹੈ। ਯੂ.ਐਮ.ਟੀ. ਦੇ ਡਾਇਰੈਕਟਰ ਤੇ ਸਾਬਕਾ ਹਾਕੀ ਖਿਡਾਰੀ ਆਬਿਦ ਸ਼ੇਰਵਾਨੀ ਨੇ ਕਿਹਾ ਕਿ ਦੋਵੇਂ ਪੰਜਾਬਾਂ ਦੇ ਖਿਡਾਰੀਆਂ ਦੀ ਇਹ ਪੁਸਤਕ ਗੁਰਮੁਖੀ ਦੇ ਨਾਲ ਸ਼ਾਹਮੁਖੀ ਵਿੱਚ ਛਪਣ ਨਾਲ ਪਾਕਿਸਤਾਨ ਵਿੱਚ ਵੀ ਖੇਡ ਪ੍ਰੇਮੀ ਇਸ ਨੂੰ ਚਾਵਾਂ ਨਾਲ ਪੜ੍ਹਨਗੇ। ਉਨ੍ਹਾਂ ਯੂ.ਐਮ.ਟੀ. ਵੱਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੀਆਂ ਸਹੂਲਤਾਂ ਤੇ ਵਜ਼ੀਫ਼ਿਆਂ ਦੀ ਗੱਲ ਦੱਸਦਿਆਂ ਕਿਹਾ ਕਿ ਵੱਡੇ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹ ਕੇ ਨਵੀਂ ਪੀੜ੍ਹੀ ਬਹੁਤ ਉਤਸ਼ਾਹਤ ਹੋਵੇਗੀ। ਲੇਖਕ ਨਵਦੀਪ ਸਿੰਘ ਗਿੱਲ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹਾਕੀ ਖੇਡ ਦੇ ਚਾਰ ਖਿਡਾਰੀ ਚੌਧਰੀ ਗੁਲਾਮ ਰਸੂਲ, ਅਖ਼ਤਰ ਰਸੂਲ, ਸਮੀਉੱਲਾ ਖਾਨ ਤੇ ਸ਼ਾਹਬਾਜ਼ ਸੀਨੀਅਰ, ਕ੍ਰਿਕਟ ਖੇਡ ਦੇ ਛੇ ਖਿਡਾਰੀ ਫਜ਼ਲ ਮਹਿਮੂਦ, ਇੰਜ਼ਮਾਮ ਉੱਲ ਹੱਕ, ਵਸੀਮ ਅਕਰਮ, ਵਕਾਰ ਯੂਨਿਸ, ਸ਼ੋਏਬ ਅਖ਼ਤਰ ਤੇ ਬਾਬਰ ਆਜ਼ਮ, ਅਥਲੈਟਿਕਸ ਦੇ ਤਿੰਨ ਅਥਲੀਟ ਅਬਦੁਲ ਖਾਲਿਕ, ਗੁਲਾਮ ਰਜ਼ੀਕ ਤੇ ਅਰਸ਼ਦ ਨਦੀਮ, ਇਕ ਪਹਿਲਵਾਨ ਗਾਮਾ ਅਤੇ ਮਹਿਲਾ ਟੈਨਿਸ ਖਿਡਾਰਨ ਉਸ਼ਨਾ ਸੁਹੇਲ ਸ਼ਾਮਲ ਕੀਤੀ। ਚੜ੍ਹਦੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹਾਕੀ ਦੇ ਪੰਜ ਖਿਡਾਰੀ ਬਲਬੀਰ ਸਿੰਘ ਸੀਨੀਅਰ, ਪਿਰਥੀਪਾਲ ਸਿੰਘ, ਅਜੀਤ ਪਾਲ ਸਿੰਘ, ਰੂਪਾ ਸੈਣੀ ਤੇ ਹਰਮਨਪ੍ਰੀਤ ਸਿੰਘ, ਚਾਰ ਅਥਲੀਟ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਮਹਿੰਦਰ ਸਿੰਘ ਗਿੱਲ ਤੇ ਮਨਜੀਤ ਕੌਰ, ਦੋ ਪਹਿਲਵਾਨ ਦਾਰਾ ਸਿੰਘ ਤੇ ਕਰਤਾਰ ਸਿੰਘ, ਦੋ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਅਵਨੀਤ ਕੌਰ ਸਿੱਧੂ, ਇਕ ਫੁਟਬਾਲਰ ਜਰਨੈਲ ਸਿੰਘ ਤੇ ਇਕ ਕ੍ਰਿਕਟਰ ਯੁਵਰਾਜ ਸਿੰਘ ਸ਼ਾਮਲ ਕੀਤਾ ਹੈ। ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਸਵਾਗਤੀ ਸ਼ਬਦ ਬੋਲਦਿਆਂ ਭਾਰਤ ਤੋਂ ਆਏ ਵਫ਼ਦ ਦੇ ਮੈਂਬਰਾਂ ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੇ ਜ਼ਿਕਰ ਤੋਂ ਬਿਨਾਂ ਵਿਸ਼ਵ ਹਾਕੀ ਦਾ ਇਤਿਹਾਸ ਅਧੂਰਾ ਹੈ। ਇਸ ਮੌਕੇ ਪੰਜਾਬ ਖੇਤੀ ਯੂਨੀਵਰਸਿਟੀ ਦੀ ਅਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਤੂਰ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।

Check Also

अलायंस क्लब्स इंटरनेशनल जिला 126-एन द्वारा हिमालयन मोटरसाइकिल रैली का आयोजन — “राष्ट्रीय एकता के लिए एक अभियान”

जालंधर (अरोड़ा) :- ऐसोसिएशन आफ अलायंस क्लब इंटरनेशनल के जिला126-ऐन ने देश में एकता और …

Leave a Reply

Your email address will not be published. Required fields are marked *