ਮੋਗਾ ਵਿਖੇ ਆਈ.ਐਸ.ਐਫ ਕਾਲਜ ਵਿਖੇ 25 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਹੋਵੇਗਾ ਆਯੋਜਿਤ
ਮੋਗਾ (ਕਮਲ) :- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ 15ਵਾਂ ਰਾਸ਼ਟਰੀ ਵੋਟਰ ਦਿਵਸ ”ਨਥਿੰਗ ਲਾਈਕ ਵੋਟਿੰਗ, ਆਈ ਵੋਟ ਫਾਰ਼ ਸ਼ੋਅਰ” ਦੇ ਸਲੋਗਨ ਹੇਠ ਜ਼ਿਲ੍ਹਾ ਪੱਧਰ ਤੇ ਆਈ.ਐਸ.ਐਫ. ਕਾਲਜ ਘੱਲ ਕਲਾਂ ਵਿਖੇ ਮਨਾਇਆ ਜਾਵੇਗਾ। ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਹੇਠ ਕੀਤਾ ਜਾਵੇਗਾ। ਚੋਣ ਤਹਿਸ਼ੀਲਦਾਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿੱਚ ਵੋਟਰ ਸੂਚੀ ਦੀ ਸੁਧਾਈ ਯੋਗਤਾ ਮਿਤੀ 01.01.2025 ਅਨੁਸਾਰ 6151 ਵੋਟਰ ਰਜਿਸਟਰ ਹੋਏ ਹਨ, ਇਹਨਾਂ ਵਿੱਚੋਂ 18-19 ਸਾਲ ਉਮਰ ਵਰਗ ਦੇ ਨਵੇਂ ਵੋਟਰਾਂ ਨੂੰ ਵੋਟਰ ਦਿਵਸ ਵਾਲੇ ਦਿਨ ਫ਼ੋਟੋ ਵੋਟਰ ਸ਼ਨਾਖ਼ਤੀ ਕਾਰਡ ਵੰਡੇ ਜਾਣਗੇ। ਜ਼ਿਲ੍ਹੇ ਦੇ ਵਿੱਚ ਤਾਇਨਾਤ ਸਮੁੱਚੇ ਬੀ.ਐਲ.ਓਜ ਵੱਲੋਂ ਆਪੋ-ਆਪਣੇ ਪੋਲਿੰਗ ਸਟੇਸ਼ਨ ਤੇ ਨਵੇਂ ਬਣੇ ਵੋਟਰਾਂ ਨੂੰ ਸ਼ਨਾਖ਼ਤੀ ਕਾਰਡ ਵੰਡ ਕੇ ਅਤੇ ਸਹੁੰ ਚੁਕਵਾ ਕੇ ਵੋਟਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਵੇਂ ਬਣੇ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵੀ ਵੰਡੇ ਜਾਣਗੇ। ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕੰਮ ਕਰਨ ਵਾਲੇ ਈ.ਆਰ.ਓ, ਬੀ.ਐਲ.ਓ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਵੋਟਰ ਜਾਗਰੂਕਤਾ ਸਬੰਧੀ ਸਕੂਲਾਂ/ਕਾਲਜਾਂ/ਸੰਸਥਾ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ, ਕਵਿਤਾਵਾਂ ਆਦਿ ਦੇ ਮੁਕਬਾਲੇ ਕਰਵਾਏ ਜਾਣਗੇ।