ਅੰਬਿਕਾ ਸਪੈਸ਼ਲ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਮਨਾਇਆ ਦਿਵਸ, ਦਿਵਿਆਂਗਜਨਾਂ ਨੂੰ ਕੀਤਾ ਸਨਮਾਨਿਤ
ਮੋਗਾ (ਕਮਲ) :- ਡਾਇਰੈਕਟਰ, ਸਮਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਸੰਕੇਤਕ ਭਾਸ਼ਾਵਾਂ ਦਾ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰਸਾਸ਼ਨ ਮੋਗਾ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਦੇ ਸਹਿਯੋਗ ਨਾਲ ਅੰਬਿਕਾ ਸਪੈਸ਼ਲ ਸਕੂਲ, ਮੋਗਾ ਦੇ ਬੱਚਿਆ ਨਾਲ ਮਿਲ ਕੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹੇ ਵਿਚ ਉਪਲੱਬਧੀਆਂ ਪ੍ਰਾਪਤ ਕਰ ਚੁੱਕੇ ਡੈੱਫ ਦਿਵਿਆਂਗਜਨਾਂ ਬੱਚਿਆਂ ਨੂੰ ਸਨਮਾਣਿਤ ਕੀਤਾ ਗਿਆ। ਇੰਦਰਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਨੇ ਦੱਸਿਆ ਕਿ ਦਿਵਿਆਂਗਜਨ ਵਿਆਕਤੀ ਸਮਾਜ ਦਾ ਅਹਿਮ ਹਿੱਸਾ ਹਨ। ਉਹਨਾਂ ਦੱਸਿਆ ਕਿ ਸੰਕੇਤਕ ਭਾਸ਼ਾ ਪੂਰੀ ਤਰ੍ਹਾਂ ਇੱਕ ਕੁਦਰਤੀ ਭਾਸ਼ਾ ਹੈ, ਜੋ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਤੋਂ ਰਚਨਾਤਮਕ ਤੌਰ ‘ਤੇ ਵੱਖਰੀ ਹੈ, ਜਿਸ ਦੀ ਵਰਤੋਂ ਬੋਲ ਅਤੇ ਸੁਣਨ ਨਾ ਸਕਣ ਵਾਲੇ ਲੋਕ ਅੰਤਰ ਰਾਸ਼ਟਰੀ ਮੀਟਿੰਗਾਂ ਵਿੱਚ ਕਰਦੇ ਹਨ। ਇਹ ਸੰਕੇਤਕ ਭਾਸ਼ਾ ਦੀ ਸਿੱਖਿਆ ਦੀ ਸਹੂਲਤ ਅਤੇ ਨਾ ਬੋਲ ਸਕਣ ਵਾਲੇ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦਵਾਉਣ ਲਈ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਹਰ ਪ੍ਰਕਾਰ ਦੇ ਦਿਵਿਆਂਗਜਨਾਂ ਨੂੰ ਉਹਨਾਂ ਦੇ ਮੌਲਿਕ ਅਧਿਕਾਰਾਂ ਪ੍ਰਤੀ ਉਤਸ਼ਾਹਿਤ ਕਰ ਰਿਹਾ ਹੈ ਅਤੇ ਉਹਨਾਂ ਨਾਲ ਸਬੰਧਤ ਸਰਕਾਰੀ ਸੇਵਾਵਾਂ ਪ੍ਰਤੀ ਵੀ ਜਾਗਰੂਕ ਕਰ ਰਿਹਾ ਹੈ ਤਾਂ ਕਿ ਹੋਰ ਵਰਗਾਂ ਦੀ ਤਰ੍ਹਾਂ ਸੂਬੇ ਦੇ ਦਿਵਿਆਂਗਜਨ ਵੀ ਤਰੱਕੀ ਕਰਨ।