ਨਗਰ ਨਿਗਮ/ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਜਿਲ੍ਹੇ ਵਿੱਚ ਬਣੇ 735 ਬੂਥ-ਡਿਪਟੀਕਮਿਸ਼ਨਰ

ਉਮੀਦਵਾਰ 12 ਦਸੰਬਰ 2024 ਤੱਕ ਜਮਾਂ ਕਰਵਾ ਸਕਦੇ ਹਨ ਆਪਣੇ ਨਾਮਜ਼ਦਗੀ ਪੇਪਰ
ਪਹਿਲੇ ਦਿਨ ਕੋਈ ਨਾਮਜਦਗੀ ਨਹੀਂ ਹੋਈ ਦਾਖਲ

ਅੰਮ੍ਰਿਤਸਰ (ਪ੍ਰਦੀਪ) :- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਬੀਤੇ ਕੱਲ੍ਹ ਰਾਜ ਦੀਆਂ ਪੰਜ ਨਗਰ ਨਿਗਮਾਂ ਅੰਮ੍ਰਿਤਸਰ,
ਜਲੰਧਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ ਅਤੇ 44 ਮਿਉਂਸਿਪਲ ਕਮੇਟੀਆਂ, ਨਗਰ ਪੰਚਾਇਤਾਂ ਦੀਆਂ ਅਤੇ ਕੁਝ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਨਗਰ ਨਿਗਮ ਦੇ 85 ਵਾਰਡਾਂ ਅਤੇ 30 ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਚੋਣ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਾਮਜ਼ਦਗੀਆਂ 9 ਦਸੰਬਰ 2024 ਤੋਂ 12 ਦਸੰਬਰ 2024 (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ) ਸਬੰਧਿਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਭਰੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕਮਿਸ਼ਨ ਨੇ ਪੜਤਾਲ ਲਈ 13 ਦਸੰਬਰ 2024 ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 14 ਦਸੰਬਰ 2024 (ਦੁਪਹਿਰ 3 ਵਜੇ ਤੱਕ) ਨਿਰਧਾਰਿਤ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 21.12.2024 ਨੂੰ ਸਵੇਰੇ 7.00 ਵਜੇ ਤੋਂ ਸ਼ਾਮ 04.00 ਵਜੇ ਤੱਕ ਈ.ਵੀ.ਐਮਜ਼. ਜ਼ਰੀਏ ਪੈਣਗੀਆਂ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਦੇ 85 ਵਾਰਡਾਂ ਲਈ ਕੁੱਲ 704 ਬੂਥ, ਨਗਰ ਪੰਚਾਇਤ ਰਾਜਾਸਾਂਸੀ ਦੇ 13 ਵਾਰਡਾਂ ਲਈ 14 ਬੂਥ, ਨਗਰ ਪੰਚਾਇਤ ਬਾਬਾ ਬਕਾਲਾ ਦੇ 13 ਵਾਰਡਾਂ ਲਈ 13 ਬੂਥ, ਨਗਰ ਪੰਚਾਇਤ ਅਜਨਾਲਾ ਦੇ 2 ਵਾਰਡ (5 ਅਤੇ 7) ਲਈ 2 ਬੂਥ, ਨਗਰ ਪੰਚਾਇਤ ਮਜੀਠਾ ਦੇ ਵਾਰਡ ਨੰਬਰ 4 ਲਈ ਇਕ ਬੂਥ ਅਤੇ ਨਗਰ ਪੰਚਾਇਤ ਰਈਆ ਦੇ ਵਾਰਡ ਨੰ: 13 ਲਈ ਇਕ ਬੂਥ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜਦਗੀ ਦੇ ਪਹਿਲੇ ਦਿਨ ਕੋਈ ਵੀ ਨਾਮਜਦਗੀ ਪ੍ਰਾਪਤ ਨਹੀਂ ਹੋਈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਮੂਹ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਅਧੀਨ ਪੈਂਦੇ ਵਾਰਡਾਂ ਨਾਲ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਰੱਖਣ ਤਾਂ ਜੋ ਵਧੇਰੇ ਲੋੜ ਪੈਣ ਤੇ ਪੁਲਿਸ ਦੀ ਨਫਰੀ ਵਧਾਈ ਜਾ ਸਕੇ। ਉਨ੍ਹਾ ਅੱਗੇ ਦੱਸਿਆ ਕਿ ਨਾਮਜ਼ਦਗੀ ਫਾਰਮ, ਹਲਫ਼ੀਆ ਬਿਆਨ ਅਤੇ ਸਪਾਂਸਰਸ਼ਿਪ ਫਾਰਮ ਕਮਿਸ਼ਨ ਦੀ ਵੈੱਬਸਾਈਟ (https://sec.punjab.gov.in) ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਸਬੰਧਿਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਵੀ ਉਪਲਬਧ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਸਹਾਇਕ ਕਮਿਸ਼ਨਰ ਮੈਡਮ ਸੋਨਮ, ਐਸ:ਡੀ:ਐਮ ਮਨਕੰਵਲ ਸਿੰਘ ਚਾਹਲ, ਸਹਾਇਕ ਕਮਿਸ਼ਨਰ ਜਨਰਲ ਗੁਰਸਿਮਰਨਜੀਤ ਕੌਰ, ਸਕੱਤਰ ਆਰ:ਟੀ:ਏ ਖੁਸ਼ਦਿਲ ਸਿੰਘ, ਜਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ, ਜਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਸੰਦੀਪ ਮਲਹੋਤਰਾ, ਏ:ਡੀ:ਸੀ:ਪੀ ਹਰਕੋਮਲ ਕੌਰ, ਏ:ਸੀ:ਪੀ: ਈਸਟ ਵਨੀਤ ਐਹਲਾਵਤ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

Check Also

ਸਾਲਾਨਾ ਕਰਜ਼ਾ ਯੋਜਨਾ ਦੇ ਟੀਚੇ ਹਰ ਹਾਲ ਪੂਰੇ ਕੀਤੇ ਜਾਣ – ਵਧੀਕ ਡਿਪਟੀ ਕਮਿਸ਼ਨਰ (ਜ)

ਸਰਕਾਰੀ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਯੋਗ ਲੋਕਾਂ ਨੂੰ ਦਿਵਾਉਣ ਲਈ ਯਤਨ ਕਰਨੇ ਚਾਹੀਦੇ …

Leave a Reply

Your email address will not be published. Required fields are marked *