ਅੰਮ੍ਰਿਤਸਰ (ਪ੍ਰਦੀਪ) :- ਜਸਟਿਸ ਸੰਤ ਪ੍ਰਕਾਸ਼ ਚੇਅਰ ਪਰਸਨ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਅੱਜ ਅਚਨਚੇਤ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਕੇ.ਕੇ. ਬਾਂਸਲ, ਰਜਿਸਟਰਾਰ, ਡੀ.ਡੀ.ਸ਼ਰਮਾ, ਸੰਯੁਕਤ ਰਜਿਸਟਰਾਰ ਅਤੇ ਰਾਜੇਸ਼ ਢੀਂਗਰਾ, ਪ੍ਰਾ. ਸਕੱਤਰ, ਏ.ਐਸ.ਬੈਂਸ, ਸੀਜੇਐਮ-ਕਮ- ਸਕੱਤਰ, ਜਿਲ੍ਹਾ. ਕਾਨੂੰਨੀ ਸੇਵਾਵਾਂ ਅਥਾਰਟੀ , ਸ਼ਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ, ਗੁਲਪ੍ਰੀਤ ਸਿੰਘ ਔਲਖ, ਕਮਿਸ਼ਨਰ ਨਗਰ ਨਿਗਮ, ਚਰਨਜੀਤ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ, ਅਮਿਤ ਸਰੀਨ, ਏ.ਡੀ.ਸੀ, ਆਲਮ ਵਿਜੇ ਸਿੰਘ, ਡਿਪਟੀ ਕਮਿਸ਼ਨਰ ਆਫ ਪੁਲਿਸ, ਡਾ.ਕਰਨਦੀਪ ਕੌਰ ਸਿਵਲ ਸਰਜਨ , ਡਾ.ਸ਼ਵਿੰਦਰ ਸਿੰਘ, ਡਾਇਰੈਕਟਰ, ਮਾਨਸਿਕ ਸਿਹਤ, ਐਡੀਸ਼ਨਲ ਸੁਪਰਡੰਟ ਜੇਲ ਕੁੰਵਰ ਸੁਰਤੇਗ ਸਿੰਘ, ਮੈਡੀਕਲ ਅਫਸਰ ਡਾ: ਮਨਿੰਦਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਵੀ ਉਨਾਂ ਦੇ ਨਾਲ ਸਨ। ਚੇਅਰ ਪਰਸਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਜੇਲ੍ਹ ਅਹਾਤੇ ਵਿੱਚ ਰਹਿ ਰਹੇ ਕਰੀਬ 4 ਹਜਾਰ ਕੈਦੀਆਂ ਨੂੰ ਮਿਲ ਰਹੀਆਂ ਸਹੂਲਤਾਂ ਉਹਨਾਂ ਦੇ ਮਨੁੱਖੀ ਅਧਿਕਾਰਾਂ, ਮਿਲ ਰਹੇ ਖਾਣੇ ਆਦ ਦਾ ਬਰੀਕੀ ਨਾਲ ਜਾਇਜ਼ਾ ਲਿਆ।
ਉਨਾਂ ਨੇ ਕੈਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਕੈਦੀਆਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ। ਮਾਨਯੋਗ ਜਸਟਿਸ ਨੇ ਜੇਲ ਵਿਚਲੀ ਰਸੋਈ ਦਾ ਦੌਰਾ ਵੀ ਕੀਤਾ ਅਤੇ ਉੱਥੇ ਵੰਡ ਰਹੇ ਖਾਣੇ ਨੂੰ ਖਾ ਕੇ ਉਸ ਦੀ ਕੁਆਲਿਟੀ ਦੀ ਜਾਂਚ ਕੀਤੀ। ਕੈਦੀਆਂ ਦੀ ਸਿਹਤ ਸੰਭਾਲ ਬਾਰੇ ਪੁੱਛਣ ਉੱਤੇ ਉੱਥੇ ਮੌਜੂਦ ਸਿਵਲ ਸਰਜਨ ਨੇ ਦੱਸਿਆ ਕਿ ਜੇਲ੍ਹ ਵਿੱਚ ਚਾਰ ਪੱਕੇ ਡਾਕਟਰ ਤਾਇਨਾਤ ਹਨ ਇਸ ਤੋਂ ਇਲਾਵਾ ਹਫ਼ਤੇ ਵਿੱਚ ਦੋ ਵਾਰ ਮਾਹਰ ਡਾਕਟਰਾਂ ਵੱਲੋਂ ਵੀ ਜੇਲ੍ਹ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜਦ ਵੀ ਲੋੜ ਵੇਲੇ ਜੇਲ ਵਿਭਾਗ ਮੰਗ ਕਰਦਾ ਹੈ ਮਾਹਰ ਡਾਕਟਰਾਂ ਨੂੰ ਭੇਜਿਆ ਜਾਂਦਾ ਹੈ। ਉਹਨਾਂ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ‘ਤੇ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਉਨਾਂ ਨੇ ਹਾਜ਼ਰ ਅਧਿਕਾਰੀਆਂ ਨਾਲ ਜੇਲ੍ਹ ਵਿੱਚ ਬੰਦ ਕੈਦੀਆਂ ਨਾਲ ਸਬੰਧਤ ਹੋਰ ਵਿਸ਼ਿਆਂ ਉੱਤੇ ਵੀ ਵਿਸਥਾਰ ਵਿੱਚ ਚਰਚਾ ਕੀਤੀ।