ਸਾਰਾਗੜੀ ਫਾਉਂਡੇਸ਼ਨ ਨੇ ਅੰਮ੍ਰਿਤਸਰ ਦੇ ਪ੍ਰਵੇਸ਼ ਉੱਤੇ ਸਥਾਪਤ ਕੀਤੀ ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ
ਅੰਮ੍ਰਿਤਸਰ (ਪ੍ਰਦੀਪ) :- ਸਾਰਾਗੜੀ ਫਾਉਂਡੇਸ਼ਨ ਵੱਲੋਂ ਅੰਮ੍ਰਿਤਸਰ ਦੇ ਮੁੱਖ ਪ੍ਰਵੇਸ਼ ਦੁਆਰ ਵਿਖੇ ਸਥਾਪਿਤ ਕੀਤੀ ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਰਾਗੜੀ ਦੀ ਜੰਗ ਦਾ ਮਾਣਮੱਤਾ ਇਤਿਹਾਸ ਪੰਜਾਬ ਦੇ ਹਰੇਕ ਸਕੂਲ ਵਿੱਚ ਪੜ੍ਹਾਇਆ ਜਾਣਾ ਯਕੀਨੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਦੁਨੀਆਂ ਦੀਆਂ ਚੋਟੀ ਦੀਆਂ ਲੜਾਈਆਂ ਵਿੱਚ ਸ਼ਾਮਿਲ ਸਾਰਾਗੜੀ ਦੀ ਲੜਾਈ 21 ਬਹਾਦਰ ਸਿੱਖ ਫੌਜੀਆਂ ਵੱਲੋਂ ਵਿਖਾਈ ਗਈ ਲਾ ਮਿਸਾਲ ਬਹਾਦਰੀ ਦੀ ਮਿਸਾਲ ਹੈ ਅਤੇ ਇਸ ਨੂੰ ਆਉਣ ਵਾਲੀਆਂ ਪੀੜੀਆਂ ਵਿੱਚ ਜੀਵਤ ਰੱਖਣਾ ਬਹੁਤ ਜਰੂਰੀ ਹੈ। ਉਨਾਂ ਇਸ ਮੌਕੇ ਸਾਰਾਗੜੀ ਫਾਊਂਡੇਸ਼ਨ ਵੱਲੋਂ ਦੁਨੀਆਂ ਭਰ ਵਿੱਚ ਇਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਇਸ ਮੌਕੇ ਵਿਧਾਇਕ ਸ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅੰਮ੍ਰਿਤਸਰ ਦੇ ਦਰਸ਼ਨੀ ਗੇਟ ਹੇਠਾਂ ਇਹਨਾਂ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ ਜੋ ਕਿ ਵਿਸ਼ਵ ਭਰ ਤੋਂ ਆਉਂਦੇ ਲੋਕਾਂ ਲਈ ਪ੍ਰੇਰਨਾ ਦਾ ਵੱਡਾ ਸਰੋਤ ਬਣੇਗੀ। ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਗੁਰਿੰਦਰ ਪਾਲ ਸਿੰਘ ਜੋਸਨ ਨੇ ਦੱਸਿਆ ਕਿ ਕਿਵੇਂ 1984 ਤੋਂ ਲੈ ਕੇ ਹੁਣ ਤੱਕ ਸੰਸਥਾ ਵੱਲੋਂ ਸਾਰਾਗੜੀ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਅਤੇ ਉਸ ਦੇ ਦੁਨੀਆਂ ਭਰ ਵਿੱਚ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ ਗਿਆ। ਅਵਤਾਰ ਸਿੰਘ ਮਿਨਹਾਸ ਨੇ ਇਸ ਮੌਕੇ ਦੱਸਿਆ ਕਿ ਬਰੈਂਮਪਟਨ ਕੈਨੇਡਾ ਵਿਖੇ ਵੀ ਸਾਰਾਗੜੀ ਦੇ ਸ਼ਹੀਦਾਂ ਦੀ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਆਉਂਦੇ ਸਾਲ ਵਿੱਚ ਇਸ ਦਾ ਉਦਘਾਟਨ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕਾ ਜੀਵਨ ਜੋਤ ਕੌਰ, ਜਨਰਲ ਜੇ ਜੇ ਸਿੰਘ, ਸ ਸੁਖਦੇਵ ਸਿੰਘ ਭੂਰਾ ਕੋਹਨਾ, ਬ੍ਰਗੇਡੀਅਰ ਜੇ ਐਸ ਅਰੋੜਾ, ਕਰਨਲ ਕਮਲਜੀਤ ਸਿੰਘ, ਸ ਜਗਦੀਸ਼ ਸਿੰਘ, ਮੇਜਰ ਦਿਲਬਾਗ ਸਿੰਘ, ਕਰਨਲ ਬਲਦੇਵ ਸਿੰਘ ਚਾਹਲ, ਬ੍ਰਿਟਿਸ਼ ਆਰਮੀ ਤੋਂ ਅਨੁਪ੍ਰੀਤ ਸਿੰਘ ਕੋਰਪਾਲ ਤੇ ਅਸ਼ੋਕ ਕੁਮਾਰ ਚੌਹਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਰਿੰਦਰ ਕੌਰ ਖਾਸ, ਸਰਦਾਰ ਇਕਬਾਲ ਸਿੰਘ ਸ਼ੈਰੀ, ਸ ਚਰਨਜੀਤ ਸਿੰਘ ਨਕੋਦਰ, ਡਾਕਟਰ ਬਲਜੀਤ ਕੌਰ ਤਰਨ ਤਾਰਨ ਅਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।