Wednesday , 27 November 2024

ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵੱਲੋਂ ਪੰਜਾਬੀ ਮਾਹ-2024 ਦੌਰਾਨ ਕਰਵਾਈ ਗਈ ਗ਼ਜ਼ਲ ਵਰਕਸ਼ਾਪ

ਮੋਗਾ (ਕਮਲ) :- ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਪੰਜਾਬੀ ਮਾਹ-2024 ਦੇ ਸਮਾਗਮਾਂ ਦੀ ਲੜੀ ਤਹਿਤ ਸੁਤੰਤਰਤਾ ਸੰਗਰਾਮੀ ਭਵਨ, ਮੋਗਾ ਵਿਖੇ ਗ਼ਜ਼ਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਗ਼ਜ਼ਲ ਵਿਦਵਾਨਾਂ ਵਜੋਂ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਅਤੇ ਸ਼ਮਸ਼ੇਰ ਮੋਹੀ ਗ਼ਜ਼ਲ ਪ੍ਰੇਮੀਆਂ ਦੇ ਰੂ-ਬ-ਰੂ ਹੋਏ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਸਿੱਧ ਵਿਅੰਗਕਾਰ ਕੇ. ਐੱਲ. ਗਰਗ, ਲਛਮਨ ਦਾਸ ਮੁਸਾਫ਼ਿਰ ਬਰਨਾਲਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਸ਼ੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਭਾਸ਼ਾ ਵਿਭਾਗ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਸਾਹਿਤ ਪ੍ਰੇਮੀਆਂ ਲਈ ਉਸਾਰੂ ਸੰਬਾਦ ਦਾ ਮਾਹੌਲ ਸਿਰਜਦੇ ਜਾਣਕਾਰੀ ਭਰਪੂਰ ਸਮਾਗਮ ਰਚਾਏ ਜਾਣ ਅਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਵਰਕਸ਼ਾਪ ਦੌਰਾਨ ਬੂਟਾ ਸਿੰਘ ਚੌਹਾਨ ਅਤੇ ਸ਼ਮਸ਼ੇਰ ਮੋਹੀ ਨੇ ਆਪਣੇ ਲੈਕਚਰਾਂ ਵਿੱਚ ਗ਼ਜ਼ਲ ਵਿਧਾ ਦੀ ਤਕਨੀਕ ਅਤੇ ਸਾਹਿਤਕ ਸਰੋਕਾਰਾਂ ਬਾਰੇ ਬਹੁਤ ਵਿਸਥਾਰਪੂਰਵਕ ਢੰਗ ਨਾਲ ਜਾਣਕਾਰੀ ਦਿੱਤੀ। ਸਵਾਲ ਜਵਾਬਾਂ ਦੇ ਸਿਲਸਿਲੇ ਦੌਰਾਨ ਉਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਸਰੋਤਿਆਂ ਦੇ ਹਰ ਪ੍ਰਕਾਰ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਦੀ ਜਗਿਆਸਾ ਨੂੰ ਤ੍ਰਿਪਤ ਕੀਤਾ। ਕੇ. ਐੱਲ. ਗਰਗ ਵੱਲੋਂ ਆਪਣੇ ਦੁਆਰਾ ਗ਼ਜ਼ਲ ਸਕੂਲ ਬਾਰੇ ਲਿਖਿਆ ਹਾਸਰਸ ਭਰਪੂਰ ਵਿਅੰਗ ਸਾਂਝਾ ਕੀਤਾ ਗਿਆ। ਲਛਮਨ ਦਾਸ ਮੁਸਾਫ਼ਿਰ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਬੂਟਾ ਸਿੰਘ ਚੌਹਾਨ ਦੀ ਗ਼ਜ਼ਲ ਬਾ-ਤਰੰਨੁਮ ਪੇਸ਼ ਕੀਤੀ। ਬਲਦੇਵ ਸਿੰਘ ਸੜਕਨਾਮਾ ਨੇ ਅੱਜ ਦੇ ਸਮਾਗਮ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਗਿਆਨਵਰਧਕ ਸਮਾਗਮ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਅਜਿਹੇ ਉਸਾਰੂ ਉੱਦਮ ਲਈ ਭਾਸ਼ਾ ਵਿਭਾਗ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜੂਨੀਅਰ ਸਹਾਇਕ ਨਵਦੀਪ ਸਿੰਘ ਦੀ ਦੇਖ-ਰੇਖ ਵਿੱਚ ਭਾਸ਼ਾ ਵਿਭਾਗ ਦੀਆਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਕਿ ਆਏ ਹੋਏ ਸਾਹਿਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸਮਾਗਮ ਦੌਰਾਨ ਪ੍ਰਸਿੱਧ ਸਾਹਿਤਕਾਰ ਗੁਰਮੇਲ ਬੌਡੇ, ਅਸ਼ੋਕ ਚਟਾਨੀ, ਚਰਨਜੀਤ ਸਮਾਲਸਰ, ਰਣਜੀਤ ਸਰਾਂਵਾਲੀ, ਗੁਰਮੀਤ ਰਖਰਾ ਕੜਿਆਲ, ਅਮਰ ਘੋਲੀਆ, ਜੰਗੀਰ ਖੋਖਰ, ਹਰਭਜਨ ਸਿੰਘ ਨਾਗਰਾ, ਵਿਵੇਕ ਕੋਟ ਈਸੇ ਖਾਂ, ਸਾਗਰ ਸਫ਼ਰੀ, ਹਰਵਿੰਦਰ ਸਿੰਘ ਰੋਡੇ, ਕੁਲਵੰਤ ਸਿੰਘ ਮੋਗਾ, ਕੈਪਟਨ ਜਸਵੰਤ ਸਿੰਘ, ਏਕਤਾ ਸਿੰਘ ਭੂਪਾਲ, ਅਮਰਪ੍ਰੀਤ ਕੌਰ ਸੰਘਾ, ਬਬਲਜੀਤ ਕੌਰ, ਸਤਪਾਲ ਕੌਰ ਮੋਗਾ, ਗੁਰਬਿੰਦਰ ਕੌਰ ਗਿੱਲ, ਮੁਕੰਦ ਕਮਲ ਬਾਘਾਪੁਰਾਣਾ, ਲਾਭ ਇੰਦਰ ਸਿੰਘ, ਯਾਦਵਿੰਦਰ ਸਿੰਘ, ਬਲਬੀਰ ਸਿੰਘ ਪਰਦੇਸੀ, ਅਵਤਾਰ ਸਿੰਘ ਸਿੱਧੂ, ਸੋਨੀ ਮੋਗਾ, ਸਾਹਿਲ, ਮੋਹਿਤ ਅਤੇ ਹੋਰ ਸਰੋਤੇ ਮੌਜੂਦ ਸਨ।

Check Also

ਮੋਗਾ ਪੁਲਿਸ ਵੱਲੋਂ 1 ਕਿੱਲੋਗ੍ਰਾਮ ਹੈਰੋਇਨ ਤੇ ਕਾਰ ਸਮੇਤ ਨਸ਼ਾ ਤਸਕਰ ਕਾਬੂ

ਮੋਗਾ (ਕਮਲ) :- ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ …

Leave a Reply

Your email address will not be published. Required fields are marked *