ਫੂਡ ਸੇਫਟੀ ਵਿੰਗ ਵੱਲੋਂ ਮਿਲਾਵਟੀ ਪਨੀਰ ਬਣਾਉਣ ਦਾ ਪਰਦਾਫਾਸ਼
ਅੰਮ੍ਰਿਤਸਰ (ਪ੍ਰਦੀਪ) :- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਵੱਲੋਂ ਸਾਫ ਸੁਥਰਾ ਵਾਤਾਵਰਣ ਅਤੇ ਸਿਹਤਮੰਦ ਪਕਵਾਨ ਨੂੰ ਉਤਸ਼ਾਹਤ ਕਰਨ ਲਈ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਦੇ ਚੱਲਦੇ ਸਬ ਡਵੀਜਨ ਪੱਧਰ ਤੇ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਕਿ ਹਰ ਰੋਜ ਆਪਣੇ ਖੇਤਰ ਵਿੱਚ ਖਾਣ ਪੀਣ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ, ਢਾਬੇ, ਡੇਅਰੀਆਂ, ਬੇਕਰੀਆਂ ਆਦਿ ਦੀ ਜਾਂਚ ਕਰਨਗੇ ਅਤੇ ਇਸ ਦੀ ਰੋਜਾਨਾ ਰਿਪੋਰਟ ਜਿਲ੍ਹਾ ਪੱਧਰ ਦੇ ਨੋਡਲ ਅਧਿਕਾਰੀ ਸਿਵਲ ਸਰਜਨ ਅੰਮ੍ਰਿਤਸਰ ਨੂੰ ਦੇਣਗੇ ਜੋ ਕਿ ਹਰ ਹਫਤੇ ਇਨ੍ਹਾਂ ਦੀਆਂ ਰਿਪੋਰਟਾਂ ਦੀ ਘੋਖ ਮਗਰੋਂ ਹਰੇਕ ਸਬ ਡਵੀਜਨ ਵਿੱਚ 3 ਤੋਂ 5 ਦੁਕਾਨਾਂ ਦੀ ਚੋਣ ਸਫਾਈ ਅਤੇ ਸਿਹਤਮੰਦ ਪਕਵਾਨ ਦੇ ਅਧਾਰ ਤੇ ਕਰਨਗੇ ਅਤੇ ਉਨ੍ਹਾਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਵੱਛ ਦੁਕਾਨ ਸਵੱਸਥ ਪਕਵਾਨ ਤਹਿਤ ਪ੍ਰਸੰਸਾ ਪੱਤਰ ਜਾਰੀ ਕਰਨਗੇ। ਸਿਵਲ ਸਰਜਨ ਡਾ: ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਬਾਕੀ ਦੁਕਾਨਦਾਰ ਵੀ ਸਾਫ ਸਫਾਈ ਅਤੇ ਸਿਹਤਮੰਦ ਪਕਵਾਨਾਂ ਲਈ ਉਤਸ਼ਾਹਤ ਹੋਣਗੇ। ਇਸ ਤੋਂ ਇਲਾਵਾ ਜਾਂਚ ਦੌਰਾਨ ਮਾੜੀ ਕਾਰਗੁਜਾਰੀ ਵਾਲੇ ਦੁਕਾਨਦਾਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਉਂਕਤ ਪ੍ਰੋਗਰਾਮ ਦੇ ਇਚਾਰਜ ਵਧੀਕ ਡਿਪਟੀ ਕਮਿਸ਼ਨ ਜਨਰਲ ਹੋਣਗੇ ਜਦ ਕਿ ਸਬ ਡਵੀਜਨ ਪੱਧਰ ਤੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਆਪਣੇ ਇਲਾਕੇ ਦੇ ਉਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਕੇ ਸਬ ਡਵੀਜਨ ਪੱਧਰ ਦੀ ਕਮੇਟੀ ਗਠਿਤ ਕਰਨਗੇ। ਇਸੇ ਮਹਿੰਮ ਤਹਿਤ ਕਾਰਵਾੲ ਕਰਦੇ ਕੱਲ ਸ਼ਾਮ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਜੱਜ ਡੇਅਰੀ, ਸ਼ੇਰ ਸ਼ਾਹ ਸੂਰੀ ਰੋਡ, ਨੇੜੇ ਛਾਪਾ ਮਾਰਿਆ ਗਿਆ ਜਿਥੋਂ ਮਿਲਾਵਟੀ ਪਨੀਰ ਬਣਾਉਣ ਦਾ ਪਰਦਾਫਾਸ਼ ਕੀਤਾ ਗਿਆ। ਸਹਾਇਕ ਫੂਡ ਸੇਫਟੀ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਥੋਂ 20 ਕੁਇੰਟਲ ਸੁੱਕਾ ਦੁੱਧ, 75 ਕਿਲੋ ਰਿਫਾਇੰਡ ਤੇਲ ਜੋ ਕਿ ਮਿਲਾਵਟੀ ਪਨੀਰ ਤਿਆਰ ਕਰਨ ਲਿਈ ਲਿਆਂਦਾ ਸੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਮਟੀਰੀਅਲ ਤੋਂ ਤਿਆਰ ਕੀਤਾ 100 ਕਿਲੋ ਪਨੀਰ ਮਿਲਿਆ ਜਿਸ ਨੂੰ ਨਸ਼ਟ ਕਰਵਾ ਦਿੱਤਾ ਗਿਆ। ਟੀਮ ਵੱਲੋਂ ਸਕਿਮਡ ਮਿਲਕ ਪਾਊਡਰ ਅਤੇ ਰਿਫਾਇੰਡ ਤੇਲ ਦਾ ਸਾਰਾ ਸਟਾਕ ਜ਼ਬਤ ਕੀਤਾ ਗਿਆ ਅਤੇ 5 ਨਮੂਨੇ ਲਏ ਗਏ ਜੋ ਕਿ ਅਗਲੇਰੀ ਜਾਂਚ ਲਈ ਲੈਬ ਵਿੱਚ ਭੇਜੇ ਗਏ। ਉਨ੍ਹਾਂ ਦੱਸਿਆ ਕਿ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।